ਘੁਮਾਣ ‘ਚ ਸੁਨਿਆਰੇ ਦੀ ਦੁਕਾਨ ‘ਚ ਹੋਈ ਵੱਡੀ ਚੋਰੀ
ਘੁਮਾਣ- ਕਸਬਾ ਘੁਮਾਣ ਦੇ ਮੁੱਖ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ । ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸ਼ਿਵ ਜਿਊਲਰ ਦੀ ਦੁਕਾਨ ਦੇ ਤਾਲੇ ਤੋੜ ਕੇ ਤਿੰਨ ਅਣਪਛਾਤੇ ਚੋਰਾਂ ਨੇ ਚੋਰੀ ਕੀਤੀ। ਸ਼ਿਵ ਜਿਊਲਰ ਦੀ ਦੁਕਾਨ ਤੋਂ ਚੋਰ ਸੋਨਾ ,ਚਾਂਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਹਨ ਇਸ ਤੋਂ ਇਲਾਵਾ ਚੋਰਾਂ ਵਲੋਂ ਪੰਕਜ ਜਿਊਲਰ ਦੁਕਾਨ ‘ਤੇ ਵੀ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਿਵ ਜਿਊਲਰ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਘੁਮਾਣ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 12 ਵਜੇ ਇੱਕ ਜਾਣੂ ਵਿਅਕਤੀ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ । ਉਸਨੇ ਦੱਸਿਆ ਕਿ ਜਦ ਉਹ ਮੌਕੇ ‘ਤੇ ਪਹੁੰਚੇ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰ ਦੁਕਾਨ ਅੰਦਰੋਂ ਤਿਜੌਰੀ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਸਨ।ਉਸਨੇ ਦੱਸਿਆ ਕਿ ਚੋਰਾਂ ਨੇ ਹਥਿਆਰਾਂ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ ਵਿਚ ਫਿੱਟ ਕੀਤੀ ਹੋਈ ਤਿਜੋਰੀ ਨੂੰ ਤਕਰੀਬਨ 40- 45 ਮਿੰਟਾਂ ਵਿਚ ਪੁੱਟ ਕੇ ਲੈ ਗਏ । ਅਸ਼ੋਕ ਨੇ ਦੱਸਿਆ ਕਿ ਪਹਿਲਾਂ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਬਲਬ ਨੂੰ ਬੰਦ ਕਰ ਦਿੱਤੇ ਤੇ ਸੀਸੀਟੀਵੀ ਕੈਮਰੇ ਦਾ ਮੂੰਹ ਉੱਪਰ ਨੂੰ ਕਰ ਦਿੱਤਾ, ਪਰ ਕੈਮਰਾ ਫਿਰ ਹੇਠਾਂ ਆ ਗਿਆ ਜਿਸ ਨਾਲ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।ਉਸ ਨੇ ਇਹ ਦੱਸਿਆ ਕਿ ਤਿਜੋਰੀ ਅੰਦਰ 6-7 ਕਿਲੋ ਚਾਂਦੀ, 10 ਗ੍ਰਾਮ ਸੋਨਾ ,ਕੰਡਾ ਅਤੇ ਕੈਮਰਾ ਰੱਖਿਆ ਹੋਇਆ ਸੀ। ਅਸ਼ੋਕ ਕੁਮਾਰ ਨੇ ਦੱਸਿਆ ਕਿ ਚੋਰੀ ਨਾਲ ਉਸ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।ਉਸਨੇ ਦੱਸਿਆ ਕਿ ਪੁਲਿਸ ਥਾਣਾ ਘੁਮਾਣ ਨੂੰ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਾਈ ਅਤੇ ਕਰੀਬ ਅੱਧੇ ਘੰਟੇ ਬਾਅਦ ਆਣ ਕੇ ਪੁਲਿਸ ਨੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ। ਜਿਊਲਰ ਦੀ ਦੁਕਾਨ ‘ਤੇ ਹੋਏ ਚੋਰੀ ਦੇ ਸਬੰਧ ‘ਚ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਜਿਊਲਰ ਅਸ਼ੋਕ ਕੁਮਾਰ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।