Global

ਸਹੁੰ ਚੁੱਕਦੇ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਦਿਖਾਈਆਂ ਅੱਖਾਂ

ਓਟਾਵਾ- ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਆਪਣਾ ਕਾਰਜਭਾਰ ਸੰਭਾਲ ਲਿਆ। ਕਾਰਨੀ ਨੇ ਆਪਣੇ ਸਹੁੰ ਚੁੱਕ ਸਮਾਗਮ ਮਗਰੋਂ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਸਖ਼ਤ ਸੰਦੇਸ਼ ਦੇ ਦਿੱਤਾ।

ਕਾਰਨੀ ਨੇ ਕਿਹਾ ਕਿ ਕੈਨੇਡਾ ਕਦੇ ਵੀ, ਕਿਸੇ ਵੀ ਤਰੀਕੇ, ਆਕਾਰ ਜਾਂ ਰੂਪ ਵਿੱਚ, ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ। ਦਰਅਸਲ, ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਹੀ ਕੈਨੇਡਾ ਨੂੰ ਯੂਐਸ ਵਿਚ ਮਿਲਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਜਸਟਿਨ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਤੱਕ ਕਹਿ ਦਿੱਤਾ ਸੀ।

ਮਾਰਕ ਕਾਰਨੀ ਨੇ ਅਮਰੀਕਾ ਵੱਲੋਂ ਆ ਰਹੀਆਂ ਟੈਰਿਫ ਦੀਆਂ ਧਮਕੀਆਂ ਬਾਰੇ ਕਿਹਾ ਕਿ ਟੈਰਿਫ ਦਾ ਸਾਹਮਣਾ ਕਰਨਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ। ਉਨ੍ਹਾਂ ਨੇ ਟਰੰਪ ਦੇ ਰਾਜ ਨੂੰ ਕੈਨੇਡਾ ਦੀ ਪੀੜ੍ਹੀ ਲਈ ਸਭ ਤੋਂ ਵੱਡਾ ਚੁਣੌਤੀ ਦੱਸਿਆ ਹੈ। ਕਾਰਨੀ ਨੇ ਕੈਨੇਡੀਅਨ ਸਮਾਨਾਂ ‘ਤੇ ਅਮਰੀਕੀ ਟੈਰਿਫ ਨੂੰ ਅਨੁਚਿਤ ਕਰਾਰ ਦਿੱਤਾ ਹੈ।

ਹਾਲਾਂਕਿ ਕਾਰਨੀ ਨੇ ਉਮੀਦ ਜਤਾਈ ਹੈ ਕਿ ਇਕ ਦਿਨ ਉਨ੍ਹਾਂ ਦੀ ਸਰਕਾਰ ਦੋਵੇਂ ਦੇਸ਼ਾਂ ਦੇ ਹਿਤਾਂ ਨੂੰ ਅੱਗੇ ਵਧਾਉਣ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਸਕੇਗੀ। ਅਧਿਕਾਰੀਆਂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਟਰੰਪ ਅਤੇ ਕਾਰਨੀ ਦੇ ਵਿਚਾਰ-ਵਟਾਂਦਰੇ ਦੀ ਯੋਜਨਾ ਬਣਾ ਰਹੇ ਹਨ।