featuredGlobal

41 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਉਣ ਦੀ ਤਿਆਰੀ ‘ਚ ਟਰੰਪ

ਵਾਸ਼ਿੰਗਟਨ- ਟੈਰਿਫ ਵਾਲੇ ਵਪਾਰ ਯੁੱਧ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਇਕ ਹੋਰ ਤਿਆਰੀ ਵਿਚ ਲੱਗੇ ਹੋਏ ਹਨ। ਉਨ੍ਹਾਂ ਦੇ ਪ੍ਰਸ਼ਾਸਨ ਨੇ 41 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਸਮੇਤ ਸੀਰੀਆ ਅਤੇ ਹੋਰ ਦੇਸ਼ ਸ਼ਾਮਲ ਹਨ।

ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, ਟਰੰਪ ਪ੍ਰਸ਼ਾਸਨ ਨੇ ਕੁੱਲ 41 ਦੇਸ਼ਾਂ ਦੀਆਂ 3 ਸੂਚੀਆਂ ਤਿਆਰ ਕੀਤੀਆਂ ਹਨ। ਪਹਿਲੀ ਸੂਚੀ ਵਿਚ 10 ਦੇਸ਼ ਸ਼ਾਮਲ ਹਨ, ਜਿਨ੍ਹਾਂ ਵਿਚ ਅਫਗਾਨਿਸਤਾਨ, ਸੀਰੀਆ, ਇਰਾਨ, ਕਿਊਬਾ ਅਤੇ ਨਾਰਥ ਕੋਰੀਆ ਵਰਗੇ ਦੇਸ਼ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਸਭ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਦੂਜੇ ਗਰੁੱਪ ਵਿਚ ਪੂਰਬੀ ਅਫਰੀਕੀ ਦੇਸ਼ ਇਰੀਟ੍ਰੀਆ, ਹੈਤੀ, ਲਾਓਸ, ਮਿਆਂਮਾਰ ਅਤੇ ਦੱਖਣੀ ਸੁਡਾਨ ਦਾ ਨਾਮ ਸ਼ਾਮਲ ਹੈ। ਇਨ੍ਹਾਂ ਦੇਸ਼ਾਂ ਦੇ ਲੋਕਾਂ ‘ਤੇ ਅੰਸ਼ਿਕ ਨਿਲੰਬਨ ਲਾਗੂ ਰਹੇਗਾ। ਜਿਸਦਾ ਅਸਰ ਟੂਰਿਸਟ ਅਤੇ ਸਟੂਡੈਂਟ ਵੀਜ਼ਾ ਦੇ ਨਾਲ ਕੁਝ ਛੋਟਾਂ ਦੇ ਨਾਲ ਹੋਰ ਇਮੀਗ੍ਰੈਂਟ ਵੀਜ਼ਾ ‘ਤੇ ਵੀ ਪਵੇਗਾ।

ਤੀਸਰੇ ਗਰੁੱਪ ਵਿਚ ਅਮਰੀਕਾ ਨੇ 26 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ। ਹਾਲਾਂਕਿ ਸੂਚੀ ਦੇ ਸਾਰੇ ਨਾਮਾਂ ਦਾ ਖੁਲਾਸਾ ਨਹੀਂ ਹੋ ਸਕਿਆ, ਪਰ ਇਸ ਵਿਚ ਪਾਕਿਸਤਾਨ, ਭੂਟਾਨ ਅਤੇ ਮਿਆਂਮਾਰ ਵਰਗੇ ਦੇਸ਼ ਸ਼ਾਮਲ ਹਨ। ਇਨ੍ਹਾਂ ਲਈ ਅਮਰੀਕੀ ਵੀਜ਼ਾ ਜਾਰੀ ਕਰਨ ‘ਤੇ ਅੰਸ਼ਿਕ ਰੂਪ ਵਿਚ ਰੋਕ ਲਗਾਉਣ ‘ਤੇ ਵਿਚਾਰ ਕੀਤਾ ਜਾਵੇਗਾ, ਜੇਕਰ ਉਥੇ ਦੀਆਂ ਸਰਕਾਰਾਂ 60 ਦਿਨਾਂ ਦੇ ਅੰਦਰ ਕਮੀਆਂ ਨੂੰ ਦੂਰ ਕਰਨ ਲਈ ਯਤਨ ਨਹੀਂ ਕਰਦੀਆਂ।

ਫਿਲਹਾਲ ਇਹ ਸੂਚੀ ਆਖ਼ਰੀ ਨਹੀਂ ਹੈ ਅਤੇ ਇਸ ਵਿਚ ਕੁਝ ਦੇਸ਼ਾਂ ਦੇ ਨਾਮ ਜੋੜੇ ਜਾਂ ਘਟਾਏ ਵੀ ਜਾ ਸਕਦੇ ਹਨ। ਸੂਚੀ ‘ਤੇ ਆਖ਼ਰੀ ਫੈਸਲਾ ਟਰੰਪ ਪ੍ਰਸ਼ਾਸਨ ਨੇ ਲੈਣਾ ਹੈ। ਡੋਨਾਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ 7 ਮੁਸਲਿਮ ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ ਸੀ।

ਹੁਣ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿਚ ਵੀ ਇਸਨੂੰ ਜਾਰੀ ਰੱਖਿਆ ਹੈ। ਇਮੀਗ੍ਰੇਸ਼ਨ ‘ਤੇ ਸਖਤੀ ਵਰਤਦੇ ਹੋਏ, ਟਰੰਪ ਨੇ ਕੈਬਨਿਟ ਮੈਂਬਰਾਂ ਨੂੰ 21 ਮਾਰਚ ਤੱਕ ਉਨ੍ਹਾਂ ਦੇਸ਼ਾਂ ਦੀ ਸੂਚੀ ਦੇਣ ਦਾ ਨਿਰਦੇਸ਼ ਦਿੱਤਾ ਸੀ, ਜਿਨ੍ਹਾਂ ਤੋਂ ਯਾਤਰਾ ਅੰਸ਼ਿਕ ਰੂਪ ਵਿਚ ਜਾਂ ਪੂਰੀ ਤਰ੍ਹਾਂ ਨਿਲੰਬਿਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਜਾਂਚ ਅਤੇ ਸਕ੍ਰੀਨਿੰਗ ਜਾਣਕਾਰੀ ਬਹੁਤ ਘੱਟ ਹੈ।