ਫੈਕਟਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਦੋ ਹੋਈ
ਲੁਧਿਆਣਾ-ਇੱਥੋਂ ਦੇ ਫੋਕਲ ਪੁਆਇੰਟ ਫੇਜ਼-8 ਵਿੱਚ ਬੀਤੀ ਸ਼ਾਮ ਇਮਾਰਤ ਡਿੱਗਣ ਕਾਰਨ ਮਲਬੇ ਹੇਠ ਦੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਅੱਜ ਦੂਜੇ ਦਿਨ ਵੀ ਜਾਰੀ ਰਹੇ। ਪ੍ਰਸ਼ਾਸਨ ਅਤੇ ਬਚਾਅ ਟੀਮਾਂ ਵੱਲੋਂ ਵੱਡੀਆਂ ਮਸ਼ੀਨਾਂ ਰਾਹੀਂ ਮਲਬੇ ਨੂੰ ਪਾਸੇ ਕਰਨ ਦਾ ਕੰਮ ਜੱਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਹੋਰ ਕਈ ਉੱਚ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।
ਡੀਸੀ ਨੇ ਦੱਸਿਆ ਕਿ ਹਾਦਸੇ ਵਿੱਚ ਹੁਣ ਤੱਕ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਦੇ ਕਹਿਣ ਅਨੁਸਾਰ ਅਜੇ ਇੱਕ ਹੋਰ ਮਜ਼ਦੂਰ ਮਲਬੇ ਵਿੱਚ ਫਸਿਆ ਹੋ ਸਕਦਾ ਹੈ। ਇਸ ਲਈ ਬਚਾਅ ਟੀਮਾਂ ਵੱਲੋਂ ਤੇਜ਼ੀ ਨਾਲ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਬਚਾਅ ਕਾਰਜਾਂ ਵਿੱਚ ਐੱਨਡੀਆਰਐੱਫ ਦੀਆਂ ਤਿੰਨ ਟੀਮਾਂ, ਸਥਾਨਕ ਪੁਲੀਸ, ਫਾਇਰ ਬ੍ਰਿਗੇਡ, ਨਗਰ ਨਿਗਮ ਅਤੇ ਫੈਕਟਰੀ ਦਾ ਅਮਲਾ ਪਿਛਲੇ 21 ਘੰਟਿਆਂ ਤੋਂ ਮੌਕੇ ’ਤੇ ਕੰਮ ਕਰ ਰਹੇ ਹਨ। ਜਿਹੜੇ ਚਾਰ ਮਜ਼ਦੂਰਾਂ ਨੂੰ ਕੱਢਿਆ ਗਿਆ ਹੈ, ਉਹ ਸੁਰੱਖਿਅਤ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਮਾਰਤ ਦੇ ਮਾਲਕ ਅਨੁਸਾਰ, ਸ਼ਨਿੱਚਰਵਾਰ ਸਵੇਰੇ ਯੂਨਿਟ ਵਿੱਚ 29 ਕਾਮੇ ਮੌਜੂਦ ਸਨ ਪਰ ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਸਿਰਫ਼ ਸੱਤ ਕਾਮੇ ਹੀ ਅੰਦਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲੀਸ ਨੇ ਚਾਰ ਵਿਅਕਤੀਆਂ ਵਿਰੁੱਧ ਐੱਫਆਈਆਰ ਵੀ ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਜ਼ਖਮੀ ਕਾਮਿਆਂ ਦਾ ਇਲਾਜ ਕਰਵਾਏਗੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੌਰਾਨ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮਲਬੇ ਹੇਠ ਫਸੇ ਕਾਮਿਆਂ ਨੂੰ ਬਚਾਉਣਾ ਸਭ ਤੋਂ ਪਹਿਲੀ ਤਰਜੀਹ ਹੈ। ਦੂਜੇ ਪਾਸੇ, ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਪੁਲੀਸ ਟੀਮਾਂ ਮੌਕੇ ’ਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਕਰ ਰਹੀਆਂ ਹਨ।