Global

ਧਰਤੀ ‘ਤੇ ਵਾਪਸ ਆਵੇਗੀ ਸੁਨੀਤਾ ਵਿਲੀਅਮਜ਼

ਵਾਸ਼ਿੰਗਟਨ – ਨਾਸਾ ਅਤੇ ਅਰਬਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਪਿਛਲੇ ਸਾਲ ਤੋਂ ਪੁਲਾੜ ਵਿਚ ਫਸੇ ਹੋਏ ਪੁਲਾੜ ਯਾਤਰੀ ਸੁਨੀਤਾ ਵਿਲਿਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਲਈ ਕ੍ਰੂ-10 ਮਿਸ਼ਨ ਲਾਂਚ ਕੀਤਾ। ਕ੍ਰੂ-10 ਮਿਸ਼ਨ ‘ਤੇ ਡਰੈਗਨ ਪੁਲਾੜ ਯਾਨ ਨੂੰ ਲੈ ਕੇ ਫਾਲਕਨ 9 ਰਾਕੇਟ ਨੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ।

ਨਾਸਾ ਦੇ ਅਨੁਭਵੀ ਪੁਲਾੜ ਯਾਤਰੀ ਸੁਨੀਤਾ ਵਿਲਿਅਮਜ਼ ਅਤੇ ਬੁਚ ਵਿਲਮੋਰ ਪਿਛਲੇ ਸਾਲ ਜੂਨ ਵਿਚ ISS ‘ਤੇ ਫਸ ਗਏ ਸਨ। ਦੱਸਣਯੋਗ ਹੈ ਕਿ ਵਿਲਿਅਮਜ਼ ਅਤੇ ਵਿਲਮੋਰ ਜੂਨ 2024 ਵਿਚ ISS ਦੇ ਮਿਸ਼ਨ ‘ਤੇ ਗਏ ਸਨ, ਜੋ ਅੱਠ ਦਿਨਾਂ ਦਾ ਸੀ, ਪਰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿਚ ਤਕਨੀਕੀ ਸਮੱਸਿਆਵਾਂ ਕਾਰਨ ਉਹ ਉੱਥੇ ਹੀ ਫਸ ਗਏ।

ਆਪਣੇ ਮਿਸ਼ਨ ਨੂੰ ਲਾਂਚ ਕਰਨ ਤੋਂ ਕੁਝ ਘੰਟੇ ਪਹਿਲਾਂ, ਨਾਸਾ ਨੇ ਐਕਸ ‘ਤੇ ਕਿਹਾ ਕਿ ਕ੍ਰੂ-10 ਦੇ ਸ਼ਨੀਵਾਰ, 15 ਮਾਰਚ ਨੂੰ ਸਟੇਸ਼ਨ ਨਾਲ ਜੁੜਨ ਤੋਂ ਬਾਅਦ, ਕ੍ਰੂ-9 ਦੇ ਨਿਕ ਹੈਗ, ਸੁਨੀਤਾ ਵਿਲਿਅਮਜ਼, ਬੁਚ ਵਿਲਮੋਰ ਅਤੇ ਅਲੇਕਜ਼ੈਂਡਰ ਗੋਰਬੁਨੋਵ ਕੁਝ ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਉਣਗੇ।

ਨਾਸਾ ਨੇ 13 ਮਾਰਚ ਨੂੰ ਕ੍ਰੂ-10 ਨੂੰ ਪਹਿਲਾਂ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਲਾਂਚ ਪੈਡ ‘ਤੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਮਿਸ਼ਨ ਵਿਚ ਦੇਰੀ ਕਰਨੀ ਪਈ। ਇਸ ਤੋਂ ਇਲਾਵਾ, ਸਪੇਸਐਕਸ ਦੇ ਇੰਜੀਨੀਅਰਾਂ ਨੂੰ ਲਾਂਚ ਕੰਪਲੈਕਸ 39A ਵਿਚ ਫਾਲਕਨ 9 ਰਾਕੇਟ ਲਈ ਗ੍ਰਾਊਂਡ ਸਪੋਰਟ ਕਲੈਂਪ ਆਰਮ ਨਾਲ ਇਕ ਹਾਈਡ੍ਰੌਲਿਕ ਸਿਸਟਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।