ਲੁਧਿਆਣਾ ‘ਚ ਸਰਕਾਰੀ ਸਕੂਲ ਦੀ ਹੈੱਡ ਟੀਚਰ ‘ਤੇ ਐਫ਼ਆਈਆਰ ਦਰਜ
ਲੁਧਿਆਣਾ- ਜ਼ਿਲ੍ਹਾ ਲੁਧਿਆਣਾ ਦੇ ਸੇਖੇਵਾਲ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਮਾਂਗਟ-2 ਦੀ ਹੈੱਡ ਟੀਚਰ ਨਿਸ਼ਾ ਰਾਣੀ ‘ਤੇ ਧੋਖਾਧੜੀ ਅਤੇ ਗਬਨ ਦੇ ਦੋਸ਼ਾਂ ਹੇਠਾਂ ਪੁਲਿਸ ਵਲੋਂ ਐਫ਼ਆਈਆਰ ਦਰਜ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ। ਇਹ ਮੁਕੱਦਮਾ ਭਾਰਤੀ ਦੰਡਾਵਲੀ ਦੀਆਂ (ਆਈ ਪੀ ਸੀ) ਧਾਰਾਵਾਂ 409 ਅਤੇ 420 ਤਹਿਤ ਦਰਜ ਕੀਤਾ ਗਿਆ ਹੈ।
ਐਫ ਆਈ ਆਰ ਨੰਬਰ (548688/549497) 13 ਮਾਰਚ, 2025 ਨੂੰ ਥਾਣਾ ਡਾਬਾ ਵਿੱਚ ਦਰਜ ਕੀਤੀ ਗਈ ਹੈ। ਨਿਸ਼ਾ ਰਾਣੀ ਉੱਤੇ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ, ਬਲਾਕ ਲੁਧਿਆਣਾ-1 ਵਿੱਚ ਆਪਣੀ ਤਾਇਨਾਤੀ ਦੌਰਾਨ ਲਗਪਗ 2500 ਵਿਦਿਆਰਥੀਆਂ ਦੇ ਜਾਅਲੀ ਦਾਖ਼ਲੇ ਕਰਨ ਦਾ ਦੋਸ਼ ਹੈ। ਇਹ ਜਾਅਲੀ ਦਾਖ਼ਲੇ ਮਿਡ-ਡੇ-ਮੀਲ ਸਕੀਮ, ਵਿਦਿਆਰਥੀਆਂ ਦੀਆਂ ਵਰਦੀਆਂ ਅਤੇ ਵਜ਼ੀਫ਼ਿਆਂ ਲਈ ਅਲਾਟ ਕੀਤੇ ਗਏ ਫੰਡਾਂ ਨੂੰ ਗਬਨ ਕਰਨ ਲਈ ਕੀਤੇ ਗਏ ਦੱਸੇ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਨੇ ਸ਼ਿਕਾਇਤ ਵਿੱਚ ਰਾਣੀ ਉੱਤੇ ਆਪਣੇ ਕਥਿਤ ਗਲਤ ਕੰਮਾਂ ਨੂੰ ਛੁਪਾਉਣ ਲਈ ਸਕੂਲ ਦੇ ਅਧਿਕਾਰਤ ਰਿਕਾਰਡਾਂ ਵਿੱਚ ਛੇੜਛਾੜ ਕਰਨ ਦਾ ਵੀ ਦੋਸ਼ ਲਗਾਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ।