ਸ੍ਰੀਲੰਕਾ ਦੇ ਪੁਲੀਸ ਮੁਖੀ ਦੀ ਭਾਲ ਕਰ ਰਹੀ ਪੁਲੀਸ ਟੀਮ, ਗ੍ਰਿਫਤਾਰੀ ਵਾਰੰਟ ਜਾਰੀ
ਕੋਲੰਬੋ-ਪੁਲੀਸ ਬੁਲਾਰੇ ਬੁੱਧਿਕਾ ਮਾਨਥੁੰਗਾ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਦੇਸ਼ਬੰਧੂ ਤੇਨਾਕੂਨ, ਜੋ ਸਿਧਾਂਤਕ ਤੌਰ ’ਤੇ ਅਜੇ ਵੀ ਦੇਸ਼ ਦਾ ਪੁਲੀਸ ਮੁਖੀ ਹੈ, ਨੂੰ ਭਗੌੜਾ ਮੰਨਿਆ ਜਾ ਰਿਹਾ ਹੈ ਅਤੇ ਉਸ ਦੀ ਹੀ ਟੀਮ ਦੇ ਮੈਂਬਰ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਜੁਲਾਈ 2024 ਤੋਂ ਮੁਅੱਤਲੀ ਅਧੀਨ ਤੇਨਾਕੂਨ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਉਹ ਭੱਜ ਰਿਹਾ ਹੈ। ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਨੂੰ ਉਸ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ।
ਦੱਖਣੀ ਕਸਬੇ ਮਤਾਰਾ ਵਿੱਚ ਮੈਜਿਸਟਰੇਟ ਦੀ ਅਦਾਲਤ ਨੇ ਪਿਛਲੇ ਹਫ਼ਤੇ ਤੇਨਾਕੂਨ ਨੂੰ ਇਕ ਕੇਸ ਵਿਚ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ। ਮਨਥੁੰਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੇਨਾਕੂਨ ਖ਼ਿਲਾਫ਼ ਚੱਲ ਰਹੇ ਕੇਸ ਵਿਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਗੁਪਤ ਕਾਰਵਾਈ ਗੈਰ-ਕਾਨੂੰਨੀ ਸੀ ਅਤੇ ਤੇਨਾਕੂਨ ਸਮੇਤ ਅੱਠ ਪੁਲੀਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਤੇਨਾਕੂਨ ਨੂੰ ਸਰਵਉੱਚ ਅਦਾਲਤ ਵੱਲੋਂ ਮੁਅੱਤਲ ਕੀਤਾ ਗਿਆ ਸੀ, ਜੋ ਕਿ ਫਰਾਰ ਹੈ ਅਤੇ ਪਿਛਲੇ ਹਫ਼ਤੇ ਤੋਂ ਉਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਤੇਨਾਕੂਨ ਹੋਣ ਦੀ ਸੰਭਾਵਨਾ ਸੀ। ਅਦਾਲਤ ਨੇ ਉਸ ਦੀ ਯਾਤਰਾ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਮੌਲਿਕ ਅਧਿਕਾਰਾਂ ਦੀ ਪਟੀਸ਼ਨ ਵਿੱਚ ਸੁਪਰੀਮ ਕੋਰਟ ਵੱਲੋਂ ਹਿਰਾਸਤ ਵਿੱਚ ਇੱਕ ਵਿਅਕਤੀ ਨੂੰ ਤਸੀਹੇ ਦੇਣ ਦਾ ਦੋਸ਼ੀ ਪਾਏ ਜਾਣ ਦੇ ਬਾਵਜੂਦ ਤੇਨਾਕੂਨ ਨੂੰ ਨਵੰਬਰ 2023 ਵਿੱਚ ਪੁਲੀਸ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਫਿਰ ਜੁਲਾਈ 2024 ਵਿੱਚ ਸੁਪਰੀਮ ਕੋਰਟ ਵੱਲੋਂ ਉਸ ਨੂੰ ਕੰਮ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਨਵੰਬਰ ਵਿੱਚ ਤੇਨਾਕੂਨ ਦੇ ਕੇਸ ਦਾ ਨਤੀਜਾ ਆਉਣ ਤੱਕ ਇੱਕ ਕਾਰਜਕਾਰੀ ਪੁਲੀਸ ਮੁਖੀ ਦੀ ਨਿਯੁਕਤੀ ਕੀਤੀ ਗਈ ਸੀ।