ਸੱਭਿਅਕ ਸਮਾਜ ਦੀ ਸਿਰਜਣਾ ਲਈ ਸਦਾ ਯਤਨਸ਼ੀਲ ਸਾਥੀ ਹਰਵਿੰਦਰ ਸਿੰਘ, ਪੀ.ਟੀ.ਆਈ. ਸਰਕਾਰੀ ਮਿਡਲ ਸਕੂਲ ਮਹੇੜੂ (ਜਲੰਧਰ), ਜ਼ਿਲ੍ਹਾ ਮੀਤ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜਿਲ੍ਹਾ ਜਲੰਧਰ ਜੀ ਨੂੰ ਮਿਤੀ 30-4-2022 ਨੂੰ ਸਰਕਾਰੀ ਸੇਵਾ ਤੋਂ ਮੁਕਤੀ ਸਮੇਂ ਦਿੱਤਾ ਗਿਆ ਸਨਮਾਨ ਪੱਤਰ।
ਸਾਥੀ ਹਰਵਿੰਦਰ ਸਿੰਘ ਜੀ ਦਾ ਜਨਮ 15 ਅਪ੍ਰੈਲ 1964 ਨੂੰ ਪਿੰਡ ਕਾਂਗਣਾ, ਤਹਿਸੀਲ ਨਕੋਦਰ (ਜਲੰਧਰ) ਵਿਖੇ ਪਿਤਾ ਸ. ਕਰਨੈਲ ਸਿੰਘ ਅਤੇ ਮਾਤਾ ਹਰਭਜਨ ਕੌਰ ਦੇ ਘਰ ਹੋਇਆ| ਆਪ ਜੀ ਦੇ ਪਿਤਾ ਖੇਤੀਬਾੜੀ ਕਰਦੇ ਸਨ ਅਤੇ ਛੋਟੀ ਕਿਸਾਨੀ ਨਾਲ ਸਬੰਧਿਤ ਸਨ| ਆਪ ਜੀ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ| ਆਪ ਜੀ ਦੇ ਭਰਾ ਡਾ. ਸੁਖਨਿੰਦਰ ਸਿੰਘ ਡਾਕਟਰੀ ਪੇਸ਼ੇ ਨਾਲ ਸਬੰਧਤ ਹਨ ਅਤੇ ਉਘਾ ਸਮਾਜ ਸੇਵਕ ਹੈ | ਸਾਥੀ ਜੀ ਦੇ ਨਾਨਾ ਜੀ ਸਵ. ਸ. ਗੁਰਦਿੱਤ ਸਿੰਘ ਕੁੰਦਨ ਜੀ ਪੰਜਾਬੀ ਦੇ ਇਕਬਾਲ ਵਜੋਂ ਮਸ਼ਹੂਰ ਪੰਜਾਬੀ ਕਵੀ ਸਨ| ਆਪ ਜੀ ਦਾ ਸਾਰਾ ਪਰਿਵਾਰ ਰੂੜੀਵਾਦੀ ਪ੍ਰੰਪਰਾਵਾਂ ਅਤੇ ਫਿਰਕਾਪ੍ਰਸਤੀ ਦਾ ਕੱਟੜ ਵਿਰੋਧੀ ਹੈ|
ਆਪ ਨੇ ਸਰਕਾਰੀ ਹਾਈ ਸਕੂਲ ਨੂਰਪੁਰ, ਜਿਲ੍ਹਾ ਜਲੰਧਰ ਤੋਂ ਮੈਟ੍ਰਿਕ ਦੀ ਪ੍ਰੀਖਿਆ 1982 ਵਿੱਚ ਪਾਸ ਕੀਤੀ| ਸੰਨ 1984 ਵਿੱਚ ਸੀ.ਪੀ.ਐਡ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ| ਆਪ ਜੀ ਦੀ ਸ਼ਾਦੀ ਸ਼੍ਰੀਮਤੀ ਪਰਮਜੀਤ ਕੌਰ ਪੁੱਤਰੀ ਸ. ਮੁਖਤਿਆਰ ਸਿੰਘ ਨਾਲ 10 ਮਾਰਚ 1991 ਨੂੰ ਪਿੰਡ ਜਹਾਂਗੀਰ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਈ| ਭੈਣ ਜੀ ਬਤੌਰ ਏ.ਐਨ.ਐਮ. ਸਿਹਤ ਵਿਭਾਗ ਪੰਜਾਬ ਵਿੱਚ ਰੈਗੁਲਰ ਕਰਮਚਾਰਨ ਨਿਯੁਕਤ ਹਨ| ਆਪ ਜੀ ਦਾ ਬੇਟਾ ਨਵਗੀਤ ਸਿੰਘ, ਮੈਡੀਕਲ ਦੀ ਪੜਾਈ ਕਰਕੇ ਨਿਊਜੀਲੈਂਡ ਸੈਟਲ ਹੈ| ਆਪ ਜੀ ਦੀ ਬੇਟੀ ਸਿਮਰਤ ਕੌਰ ਕੇਨੇਡਾ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਡਿਗਰੀ ਕਰ ਰਹੀ ਹੈ| ਆਪ ਜੀ ਦੀ ਭਾਬੀ ਰਜਿੰਦਰ ਕੌਰ ਵੀ ਸਿਹਤ ਵਿਭਾਗ ਵਿੱਚ ਬਤੌਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਨਿਯੁਕਤ ਹਨ| ਆਪ ਜੀ ਦਾ ਭਤੀਜਾ ਡਾ. ਅੰਮ੍ਰਿਤਪਾਲ ਸਿੰਘ, ਐਮ.ਬੀ.ਬੀ.ਐਸ., ਐਮ.ਡੀ. ਅਤੇ ਭਤੀਜ ਨੂੰਹ ਡਾ. ਹਮਨੀਤ ਕੌਰ ਵੀ ਐਮ.ਬੀ.ਬੀ.ਐਸ.,ਐਮ.ਡੀ. ਹੈ| ਆਪ ਜੀ ਦੀ ਪਹਿਲੀ ਨਿਯੁਕਤੀ ਵਿਭਾਗੀ ਚੋਣ ਕਮੇਟੀ ਰਾਹੀਂ ਪੀ.ਟੀ.ਆਈ. ਅਧਿਆਪਕ ਵਜੋਂ ਸਰਕਾਰੀ ਮਿਡਲ ਸਕੂਲ ਮਹੇੜੂ (ਜਲੰਧਰ ) ਵਿਖੇ 24 ਸਤੰਬਰ 1994 ਨੂੰ ਹੋਈ| ਉਸ ਸਮੇਂ ਦੀ ਬੇਅੰਤ ਸਿੰਘ ਸਰਕਾਰ ਵੱਲੋਂ ਸਾਲ 1994 ਵਿੱਚ ਨਿਯੁਕਤ ਅਧਿਆਪਕਾਂ ਨੂੰ ਰੈਗੁਲਰ ਤੋਂ 89 ਦਿਨਾਂ ਦੇ ਅਧਾਰ ’ਤੇ ਕਰ ਦਿੱਤਾ ਗਿਆ| ਇਸ ਬੇਇਨਸਾਫੀ ਦੇ ਖਿਲਾਫ਼ ਅਧਿਆਪਕਾਂ ਨੇ ਨਵ ਨਿਯੁਕਤ ਅਧਿਆਪਕ ਯੂਨੀਅਨ ਪੰਜਾਬ ਜਥੇਬੰਦੀ ਬਣਾਈ| ਸਾਥੀ ਹਰਵਿੰਦਰ ਸਿੰਘ ਜਥੇਬੰਦੀ ਦੇ ਨਕੋਦਰ ਤਹਿਸੀਲ ਪ੍ਰਧਾਨ ਬਣਾਏ ਗਏ| ਆਪ ਜੀ ਨੇ 89 ਦਿਨਾਂ ਤੇ ਨਿਯੁਕਤ ਅਧਿਆਪਕਾਂ ਨੂੰ ਲਾਮਬੰਦ ਕਰਕੇ ਅਧਿਆਪਕਾਂ ਨੂੰ ਰੈਗੁਲਰ ਕਰਵਾਉਣ ਲਈ ਸੰਘਰਸ਼ ਵਿੱਚ ਮੋਹਰੀ ਯੋਗਦਾਨ ਪਾਇਆ ਅਤੇ ਸਾਲ 1999 ਵਿੱਚ ਸਾਰੇ ਅਧਿਆਪਕ ਰੈਗੁਲਰ ਹੋ ਗਏ|
ਰੈਗੁਲਰ ਹੋਣ ਤੋਂ ਬਾਅਦ ਆਪ ਸਾਥੀ ਪਰਮਜੀਤ ਸਿੰਘ ਗਾਂਧਰੀ ਦੀ ਅਗਵਾਈ ਵਿੱਚ ਕੰਮ ਕਰ ਰਹੀ ਜਥੇਬੰਦੀ ਗੌਰਮਿਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵਿੱਚ ਸ਼ਾਮਲ ਹੋ ਗਏ| ਆਪ ਜੀ ਗੌਰਮਿਟ ਟੀਚਰਜ਼ ਯੂਨੀਅਨ ਪੰਜਾਬ ਬਲਾਕ ਨਕੋਦਰ-1 (ਜਲੰਧਰ) ਦੇ ਪ੍ਰਧਾਨ ਚੁਣੇ ਗਏ| ਹੁਣ ਸਾਥੀ ਹਰਵਿੰਦਰ ਸਿੰਘ ਜਥੇਬੰਦੀ ਦੇ ਜਿਲ੍ਹਾ ਮੀਤ ਪ੍ਰਧਾਨ ਹਨ| ਜਥੇਬੰਦੀ ਦੇ ਸੰਘਰਸ਼ੀ ਘੋਲਾਂ ਵਿੱਚ ਮੋਹਰੀ ਯੋਗਦਾਨ ਪਾਉਂਦੇ ਹਨ
ਆਪ ਜੀ ਦੀ ਸ਼ਖਸੀਅਤ ਦੇ ਪ੍ਰਭਾਵ ਸਦਕਾ ਆਪ ਜੀ ਦੇ ਖਿਡਾਏ ਆਪ ਜੀ ਵੱਲੋਂ ਸਿਖਲਾਈ ਪ੍ਰਾਪਤ ਵਿਦਿਆਰਥੀ ਬਲਾਕ,ਜ਼ਿਲ੍ਹਾ,ਸਟੇਟ,ਨੈਸ਼ਨਲ ਪੱਧਰ ਤੱਕ ਨਾਮ ਬਣਾ ਚੁੱਕੇ ਹਨ।ਆਪ ਤੋਂ ਸਿਖਲਾਈ ਪ੍ਰਾਪਤ ਮਸ਼ਹੂਰ ਕਬੱਡੀ ਖਿਡਾਰੀ ਬਲਜੀਤ ਸਿੰਘ ਬੱਲੀ ਵਿਸ਼ਵ ਕਬੱਡੀ ਕੱਪ ਵਿੱਚ ਅਮਰੀਕਾ ਦੀ ਟੀਮ ਦਾ ਕਪਤਾਨ ਰਿਹਾ ਹੈ।ਉੱਥੇ ਆਪ ਜੀ.ਟੀ.ਯੂ.ਪੰਜਾਬ ਦੀਆਂ ਮੋਹਰਲੀਆਂ ਸਫਾਂ ਵਿੱਚ ਮੁਲਾਜ਼ਮਾਂ ਦੇ ਹਿੱਤਾਂ ਦੀ ਪੂਰਤੀ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ।
ਅਸੀਂ ਅੱਜ ਸਮੁੱਚਾ ਮੁਲਾਜ਼ਮ ਵਰਗ,ਸਕੂਲ ਦੇ ਅਧਿਆਪਕ ਵਿਦਿਆਰਥੀ ,ਗ੍ਰਾਮ ਪੰਚਾਇਤ ਮਹੇੜੂ ,ਸਕੂਲ ਮੈਨਜਮੈੰਟ ਕਮੇਟੀ ਆਪ ਜੀ ਦੀ ਚੰਗੀ ਸਿਹਤ ਅਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ।ਸਾਨੂੰ ਉਮੀਦ ਹੈ ਕਿ ਆਪ ਹਮੇਸ਼ਾਂ ਲੋਕ ਲਹਿਰਾਂ ਦੇ ਅੰਗ ਸੰਗ ਰਹੋਗੇ।
ਵੱਲੋਂਃ-
ਨਵਪ੍ਰੀਤ ਬੱਲੀ,ਜ਼ਿਲ੍ਹਾ ਪ੍ਰਧਾਨ ਗੌ.ਟੀ.ਯੂਨੀਅਨ ਪੰਜਾਬ(ਵਿਗਿਆਨਿਕ)ਜ਼ਿਲ੍ਹਾ ਜਲੰਧਰ
ਕੰਵਲਜੀਤ ਸੰਗੋਵਾਲ,ਜ਼ਿਲ੍ਹਾ ਜਨਰਲ ਸਕੱਤਰ
ਅਤੇ ਸਮੂਹ ਜ਼ਿਲ੍ਹਾ ਕਮੇਟੀ ਮੈਂਬਰਜ਼