_*ਬਲਾਕ ਪੱਧਰੀ “ਟੀਚਰ ਫੈਸਟ” ਕਰਵਾਇਆ*_
ਜਲੰਧਰ, 14 ਸਤੰਬਰ ( ਚਰਨਜੀਤ ਸਿੰਘ ) ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਧਿਆਪਨ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਅੱਜ ਪ੍ਰਿੰਸੀਪਲ ਸੁਮਨ ਸ਼ਰਮਾ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਵਿਖੇ ਬਲਾਕ ਪੱਧਰੀ “ਟੀਚਰ ਫੈਸਟ” ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਟੀਚਰ ਫੈਸਟ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਸ਼ੇ ਨਾਲ ਸਬੰਧਤ ਚਾਰਟ, ਮਾਡਲ, ਗੇਮਾਂ, ਐਪਸ ਅਤੇ ਹੋਰ ਵਿਸ਼ੇਸ਼ ਤਕਨੀਕਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ । ਇਸ ਮੌਕੇ ਅਲਾਵਲਪੁਰ ਬਲਾਕ ਅਧੀਨ ਆਉਂਦੇ ਸਮੂਹ ਸਕੂਲਾਂ ਦੇ ਅਧਿਆਪਕਾਂ ਵੱਲੋਂ ਇਸ ਟੀਚਰ ਫੈਸਟ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਗਿਆ। ਅਧਿਆਪਕਾਂ ਵੱਲੋਂ ਆਪਣੇ ਵਿਸ਼ੇ ਨੂੰ ਰੌਚਕ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ਆਪਣੇ ਮਾਡਲਾਂ, ਖੇਡਾਂ ਅਤੇ ਹੋਰ ਤਕਨੀਕਾਂ ਦੀ ਪੇਸ਼ਕਾਰੀ ਕੀਤੀ ਗਈ।ਸਾਇੰਸ ਵਿਸ਼ੇ ਨਾਲ ਸਬੰਧਤ ਮੁਕਾਬਲੇ ਵਿੱਚ ਊਸ਼ਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਗੱਜਾ ਨੇ ਪਹਿਲਾ, ਜਸਵੀਰ ਕੁਮਾਰ ਵਿਰਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਨੇ ਦੂਸਰਾ ਅਤੇ ਅਮਰਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਮਾਜਿਕ ਸਿੱਖਿਆ ਵਿਸ਼ੇ ਦੇ ਮੁਕਾਬਲੇ ਵਿੱਚ ਸੁਰਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਿੰਦੀ ਦੇ ਮੁਕਾਬਲਿਆਂ ਵਿੱਚ ਸੀਮਾ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਅਤੇ ਚੰਦਰਕਾਂਤਾ, ਸਰਕਾਰੀ ਹਾਈ ਸਕੂਲ ਧੋਗੜੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਵੋਕੇਸ਼ਨਲ ਵਿਸ਼ਿਆਂ ਦੇ ਮੁਕਾਬਲੇ ਵਿਚ ਹਰਜੀਤ ਸਿੰਘ, ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਨੇ ਪਹਿਲਾ,ਸੋਨੀਆ ਮਹਾਜਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਨੇ ਦੂਸਰਾ ਅਤੇ ਰਾਜੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਮੁਕਾਬਲਿਆਂ ਵਿੱਚ ਬਲਾਕ ਮੈਂਟਰ ਬਲਦੇਵ ਸਿੰਘ, ਸ਼ਰਨਜੀਤ ਸਿੰਘ, ਰਾਜੀਵ ਭੱਟੀ, ਰੋਹਿਨੀ, ਪਰਮਜੀਤ ਸਿੰਘ ਅਤੇ ਕੀਰਤੀ ਸਿੰਘ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਪ੍ਰਿੰਸੀਪਲ ਸੁਮਨ ਸ਼ਰਮਾ ਵੱਲੋਂ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।