ਏਆਈਐੱਫਐੱਫ ਨੇ ਅਯੋਗ ਖਿਡਾਰੀ ਨੂੰ ਖਿਡਾਉਣ ’ਤੇ ਚਰਚਿਲ ਬ੍ਰਦਰਜ਼ ਖ਼ਿਲਾਫ਼ ਕਾਰਵਾਈ ਕੀਤੀ
ਨਵੀਂ ਦਿੱਲੀ-ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੀ ਅਨੁਸ਼ਾਸਨੀ ਕਮੇਟੀ ਨੇ ਚਰਚਿਲ ਬ੍ਰਦਰਜ਼ ਐਫਸੀ ਨੂੰ ਆਈਜ਼ੋਲ ਐਫ ਸੀ ਖ਼ਿਲਾਫ਼ ਲੀਗ ਮੈਚ ਦੌਰਾਨ ਅਯੋਗ ਖਿਡਾਰੀ ਨੂੰ ਖਿਡਾਉਣ ’ਤੇ ਉਨ੍ਹਾਂ ਦੇ ਡਰਾਅ ਰਹੇ ਮੈਚ ਦਾ ਨਤੀਜਾ ਬਦਲ ਕੇ 0-3 ਕਰਨ ਦੀ ਸਜ਼ਾ ਸੁਣਾਈ। ਮਿਜ਼ੋਰਮ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ 17 ਫਰਵਰੀ ਨੂੰ ਖੇਡਿਆ ਜਾਣ ਵਾਲਾ ਮੈਚ 1-1 ਨਾਲ ਡਰਾਅ ਰਿਹਾ ਸੀ। ਕੌਮੀ ਫੈਡਰੇਸ਼ਨ ਨੇ ਇਕ ਬਿਆਨ ਵਿਚ ਕਿਹਾ, ‘ਏਆਈਐੱਫਐੱਫ ਅਨੁਸ਼ਾਸਨੀ ਕਮੇਟੀ ਨੇ ਚਰਚਿਲ ਬ੍ਰਦਰਜ਼ ਐਫਸੀ ਗੋਆ ਨੂੰ ਲੀਗ 2024-25 ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਕਿਉਂਕਿ ਉਨ੍ਹਾਂ ਨੇ ਲੀਗ 2024-25 ਦੇ 86ਵੇਂ ਮੁਕਾਬਲੇ ਵਿਚ ਇਕ ਅਯੋਗ ਖਿਡਾਰੀ ਨਾਲ ਮੈਚ ਖੇਡਿਆ ਸੀ। ਇਸ ਕਾਰਨ ਇਨ੍ਹਾਂ ਦੇ ਡਰਾਅ ਰਹੇ ਮੈਚ ਦਾ ਨਤੀਜਾ ਬਦਲ ਕੇ 0-3 ਕਰ ਦਿੱਤਾ ਗਿਆ ਹੈ। ਇਸ ਹਾਰ ਦੇ ਬਾਵਜੂਦ ਚਰਚਿਲ ਬ੍ਰਦਰਜ਼ ਦੀ ਟੀਮ ਦੂਜੇ ਸਥਾਨ ’ਤੇ ਹੈ।