ਮਿਆਂਮਾਰ ’ਚ ਜਾਲਸਾਜ਼ਾਂ ਦੇ ਚੁੰਗਲ ’ਚੋਂ ਛੁਡਾਏ 283 ਭਾਰਤੀ ਨਾਗਰਿਕ ਵਾਪਸ ਭੇਜੇ
ਨਵੀਂ ਦਿੱਲੀ- ਮਿਆਂਮਾਰ ਵਿਚ ਫ਼ਰਜ਼ੀ ਨੌਕਰੀਆਂ ਦਾ ਰੈਕੇਟ ਚਲਾਉਂਦੇ ਲੋਕਾਂ ਦਾ ਸ਼ਿਕਾਰ ਬਣੇ 283 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਛੁਡਾ ਕੇ ਵਾਪਸ ਭਾਰਤ ਭੇਜਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਨੌਕਰੀ ਦੀ ਕੋਈ ਵੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ ਅਜਿਹੇ ਵਿਦੇਸ਼ੀ ਰੁਜ਼ਗਾਰਦਾਤਿਆਂ ਦੀ ਤਸਦੀਕ ਕਰ ਲੈਣ। ਭਾਰਤੀ ਨਾਗਰਿਕਾਂ ਨੂੰ ਛੁਡਾਉਣ ਦਾ ਇਹ ਮਿਸ਼ਨ ਮਿਆਂਮਾਰ ਤੇ ਥਾਈਲੈਂਡ ਵਿਚ ਭਾਰਤੀ ਅੰਬੈਸੀਆਂ ਦੇ ਤਾਲਮੇਲ ਤੇ ਸਥਾਨਕ ਅਥਾਰਿਟੀਜ਼ ਦੇ ਸਹਿਯੋਗ ਨਾਲ ਸਿਰੇ ਚੜ੍ਹਿਆ ਹੈ। ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਦੇ Mae Sot ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਵਾਪਸ ਭੇਜਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਭਾਰਤ ਸਰਕਾਰ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਨਾਲ ਮਿਆਂਮਾਰ ਸਮੇਤ ਵੱਖ-ਵੱਖ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿੱਚ ਫਸਾਏ ਗਏ ਭਾਰਤੀ ਨਾਗਰਿਕਾਂ ਦੀ ਰਿਹਾਈ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਇਨ੍ਹਾਂ ਵਿਅਕਤੀਆਂ ਨੂੰ ਮਿਆਂਮਾਰ-ਥਾਈਲੈਂਡ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਚੱਲ ਰਹੇ ਘੁਟਾਲਾ ਕੇਂਦਰਾਂ ਵਿੱਚ ਸਾਈਬਰ ਅਪਰਾਧ ਅਤੇ ਹੋਰ ਧੋਖਾਧੜੀ ਵਾਲੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ।’’
ਮੰਤਰਾਲੇ ਨੇ ਕਿਹਾ ਕਿ ਮਿਆਂਮਾਰ ਅਤੇ ਥਾਈਲੈਂਡ ਵਿੱਚ ਭਾਰਤੀ ਦੂਤਾਵਾਸਾਂ ਨੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ ਤਾਂ ਜੋ ਥਾਈਲੈਂਡ ਦੇ Mae Sot ਤੋਂ ਆਈਏਐਫ ਦੇ ਇੱਕ ਜਹਾਜ਼ ਰਾਹੀਂ 283 ਭਾਰਤੀ ਨਾਗਰਿਕਾਂ ਦੀ ਵਾਪਸੀ ਯਕੀਨੀ ਬਣਾਈ ਜਾ ਸਕੇ।
ਮੰਤਰਾਲੇ ਨੇ ਕਿਹਾ ਕਿ ਸਰਕਾਰ ਅਜਿਹੇ ਰੈਕੇਟਾਂ ਬਾਰੇ ਸਮੇਂ-ਸਮੇਂ ’ਤੇ ਜਾਰੀ ਐਡਵਾਈਜ਼ਰੀ ਨੂੰ ਦੁਹਰਾਉਣਾ ਚਾਹੁੰਦੀ ਹੈ। ਭਾਰਤੀ ਨਾਗਰਿਕਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਰਾਹੀਂ ਵਿਦੇਸ਼ੀ ਰੁਜ਼ਗਾਰਦਾਤਿਆਂ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਕਰ ਲੈਣ। ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ ਭਰਤੀ ਏਜੰਟਾਂ ਅਤੇ ਕੰਪਨੀਆਂ ਦੇ ਪਿਛੋਕੜ ਦੀ ਜਾਂਚ ਕਰ ਲੈਣ।