ਇਜ਼ਰਾਈਲ ਅਤੇ ਹਮਾਸ ਬੰਦੀਆਂ ਦੇ ਤਬਾਦਲੇ ਲਈ ਰਾਜ਼ੀ
ਯੇਰੂਸ਼ਲਮ-ਇਜ਼ਰਾਈਲ ਅਤੇ ਹਮਾਸ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਚਾਰ ਇਜ਼ਰਾਇਲੀ ਬੰਦੀਆਂ ਦੀਆਂ ਲਾਸ਼ਾਂ ਦੇ ਤਬਾਦਲੇ ਲਈ ਰਾਜ਼ੀ ਹੋ ਗਏ ਹਨ। ਇਸ ਫ਼ੈਸਲੇ ਨਾਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਹਾਲੇ ਕੁਝ ਹੋਰ ਦਿਨਾਂ ਲਈ ਕਾਇਮ ਰਹਿਣ ਦੀ ਸੰਭਾਵਨਾ ਵਧ ਗਈ ਹੈ। ਇਜ਼ਰਾਈਲ 600 ਫਲਸਤੀਨੀ ਕੈਦੀਆਂ ਦੀ ਰਿਹਾਈ ਵਿਚ ਦੇਰੀ ਕਰ ਰਿਹਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਨੇ ਰਿਹਾਈ ਮੌਕੇ ਬੰਦੀਆਂ ਨਾਲ ਬਦਸਲੂਕੀ ਕੀਤੀ ਸੀ। ਉਧਰ ਦਹਿਸ਼ਤੀ ਸਮੂਹ ਹਮਾਸ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਵਿਚ ਦੇਰੀ ਉਨ੍ਹਾਂ ਵਿਚਾਲੇ ਜੰਗਬੰਦੀ ਸਮਝੌਤੇ ਦੀ ‘ਵੱਡੀ ਉਲੰਘਣਾ’ ਹੈ ਅਤੇ ਜਦੋਂ ਤੱਕ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਦੂਜੇ ਗੇੜ ਦੀ ਗੱਲਬਾਤ ਨਹੀਂ ਹੋ ਸਕਦੀ ਹੈ। ਜੰਗਬੰਦੀ ਸਮਝੌਤੇ ਦੇ ਛੇ ਹਫ਼ਤਿਆਂ ਦੇ ਪਹਿਲੇ ਗੇੜ ਦੀ ਮਿਆਦ ਇਸ ਹਫ਼ਤੇ ਦੇ ਅਖੀਰ ਵਿਚ ਖ਼ਤਮ ਹੋਣੀ ਹੈ। ਹਮਾਸ ਨੇ ਮੰਗਲਵਾਰ ਨੂੰ ਕਿਹਾ ਕਿ ਜਥੇਬੰਦੀ ਦੇ ਆਗੂ ਖਲੀਲ ਅਲ ਹੱਯਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਕਾਹਿਰਾ ਦੌਰੇ ਦੌਰਾਨ ਵਿਵਾਦ ਦੇ ਨਿਬੇੜੇ ਲਈ ਇਕ ਸਮਝੌਤਾ ਕੀਤਾ ਸੀ। ਇਸ ਸਫ਼ਲਤਾ ਨਾਲ ਚਾਰ ਹੋਰ ਬੰਦੀਆਂ ਦੀਆਂ ਲਾਸ਼ਾਂ ਅਤੇ ਜੰਗਬੰਦੀ ਤਹਿਤ ਰਿਹਾਅ ਕੀਤੇ ਜਾਣੇ ਵਾਲੇ ਸੈਂਕੜੇ ਕੈਦੀਆਂ ਦੀ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ ਪਹਿਲਾਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਨੂੰ ਇਜ਼ਰਾਇਲੀ ਬੰਦੀਆਂ ਦੀਆਂ ਲਾਸ਼ਾਂ ਨਾਲ ਸੌਂਪੇ ਜਾਣ ’ਤੇ ਹੀ ਛੱਡਿਆ ਜਾਵੇਗਾ ਅਤੇ ਨਾਲ ਹੀ ਫਲਸਤੀਨੀ ਕੈਦੀਆਂ ਦੇ ਇਕ ਨਵੇਂ ਗੁੱਟ ਦੀ ਰਿਹਾਈ ਵੀ ਹੋਵੇਗੀ।
ਹਮਾਸ ਦੀ ਕੈਦ ’ਚ ਮਾਰੀ ਗਈ ਸ਼ੀਰੀ ਬਿਬਾਸ ਅਤੇ ਉਸ ਦੇ ਦੋ ਬੱਚਿਆਂ ਕਫ਼ੀਰ ਬਿਬਾਸ (9 ਮਹੀਨੇ) ਅਤੇ ਏਰੀਅਲ (ਚਾਰ ਸਾਲ) ਦੀਆਂ ਲਾਸ਼ਾਂ ਬੁੱਧਵਾਰ ਨੂੰ ਜਦੋਂ ਦਫ਼ਨਾਉਣ ਲਈ ਲਿਆਂਦੀਆਂ ਗਈਆਂ ਤਾਂ ਇਜ਼ਰਾਈਲ ’ਚ ਸੋਗ ਦਾ ਮਾਹੌਲ ਬਣ ਗਿਆ। ਪਿਛਲੇ ਹਫ਼ਤੇ ਹਮਾਸ ਨੇ ਉਨ੍ਹਾਂ ਦੀਆਂ ਲਾਸ਼ਾਂ ਮੋੜੀਆਂ ਸਨ। ਲਾਸ਼ਾਂ ਤਾਬੂਤ ’ਚ ਰੱਖ ਕੇ ਜਦੋਂ ਦਫ਼ਨਾਉਣ ਲਈ ਲਿਆਂਦੀਆਂ ਜਾ ਰਹੀਆਂ ਸਨ ਤਾਂ ਰਸਤੇ ’ਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਖੜ੍ਹੇ ਸਨ। ਹਮਾਸ ਨੇ ਕਿਹਾ ਕਿ ਮਾਂ ਅਤੇ ਉਸ ਦੇ ਦੋਵੇਂ ਬੱਚੇ ਇਜ਼ਰਾਈਲ ਦੇ ਹਵਾਈ ਹਮਲੇ ’ਚ ਮਾਰੇ ਗਏ ਹਨ ਜਦਕਿ ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਕੋਲ ਖ਼ੁਫ਼ੀਆ ਅਤੇ ਫੋਰੈਂਸਿਕ ਸਬੂਤ ਹਨ ਕਿ ਉਨ੍ਹਾਂ ਦਾ ਗਲ ਘੁਟ ਕੇ ਮਾਰਿਆ ਗਿਆ ਹੈ।