Punjab

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ ’ਤੇ ਆਰਜ਼ੀ ਪੁਲ ਸਥਾਪਤ

ਅੰਮ੍ਰਿਤਸਰ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਾਰਗ ਨੂੰ ਜੋੜਨ ਵਾਲਾ ਪੁਲ ਜੋ ਪਹਾੜ ਤੋਂ ਮਲਬਾ ਡਿੱਗਣ ਕਾਰਨ ਨੁਕਸਾਨਿਆ ਗਿਆ ਸੀ, ਦੀ ਥਾਂ ਗੁਰਦੁਆਰਾ ਗੋਬਿੰਦ ਘਾਟ ਵਿਖੇ ਆਰਜ਼ੀ ਪੁਲ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਪੁਲ ਅਲਕਨੰਦਾ ਨਦੀ ’ਤੇ ਬਣਾਇਆ ਗਿਆ ਹੈ।

ਬੀਤੇ ਦਿਨੀਂ ਇਸ ਖੇਤਰ ਵਿੱਚ ਭਾਰੀ ਬਰਫ਼ਬਾਰੀ ਹੋਣ ਅਤੇ ਲਗਾਤਾਰ ਮੀਂਹ ਪੈਣ ਕਾਰਨ ਪਹਾੜ ਤੋਂ ਮਿੱਟੀ ਦੀਆਂ ਵੱਡੀਆਂ ਢਿੱਗਾਂ ਡਿੱਗ ਪਈਆਂ ਸਨ ਅਤੇ ਇੱਥੇ ਬਣਿਆ ਵੈਲੀ ਸਸਪੈਂਸ਼ਨ ਪੁਲ ਟੁੱਟ ਗਿਆ ਸੀ। ਇਸ ਘਟਨਾ ਵਿੱਚ ਨਾ ਸਿਰਫ ਇਹ ਪੁਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਸਗੋਂ ਸੜਕ ਵੀ ਮਲਬੇ ਨਾਲ ਭਰ ਗਈ ਸੀ। ਇੱਕ ਵਿਅਕਤੀ ਦੀ ਮਲਬੇ ਹੇਠਾਂ ਦਬਣ ਕਾਰਨ ਮੌਤ ਵੀ ਹੋ ਗਈ ਸੀ। ਪੁਲ ਡਿੱਗਣ ਕਾਰਨ ਗੁਰਦੁਆਰੇ ਦੀ ਸਰਾਂ ਦੀ ਇਮਾਰਤ ਨੂੰ ਵੀ ਮਾਮੂਲੀ ਨੁਕਸਾਨ ਪੁੱਜਾ ਸੀ।

ਇਸ ਪੁਲ ਦੇ ਟੁੱਟਣ ਕਾਰਨ ਗੁਰਦੁਆਰਾ ਗੋਬਿੰਦ ਘਾਟ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਸੀ। ਇਸ ਨਾਲ ਦੂਜੇ ਪਾਸੇ ਪਿੰਡ ਪੁਲਣਾ, ਬੁੰਡਾਰ ਅਤੇ ਘਾਗਰੀਆ ਦੇ ਲੋਕਾਂ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਸੀ। ਇਸ ਨਾਲ ਬਿਜਲੀ ਸਪਲਾਈ ਤੇ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਇੱਥੇ ਨਦੀ ਉੱਪਰ ਨੁਕਸਾਨੇ ਗਏ ਪੁਲ ਦੀ ਥਾਂ ਇੱਕ ਆਰਜ਼ੀ ਪੁਲ ਸਥਾਪਤ ਕਰ ਦਿੱਤਾ ਗਿਆ ਹੈ ਜਿਸ ਨਾਲ ਨਾ ਸਿਰਫ ਯਾਤਰਾ ਮਾਰਗ ਮੁੜ ਜੁੜ ਗਿਆ ਹੈ, ਸਗੋਂ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦਾ ਵੀ ਸੜਕੀ ਸੰਪਰਕ ਬਹਾਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ। ਇਹ ਪੁਲ ਲਗਭਗ 44 ਫੁੱਟ ਲੰਬਾ ਅਤੇ ਸਾਢੇ ਚਾਰ ਫੁੱਟ ਚੌੜਾ ਹੈ, ਜਿਸ ’ਤੇ ਪੈਦਲ ਆਵਾਜਾਈ ਤੋਂ ਇਲਾਵਾ ਹਲਕੇ ਦੋ ਪਹੀਆ ਵਾਹਨ ਵੀ ਲੰਘਾਏ ਜਾ ਸਕਦੇ ਹਨ।