Punjab

ਬੀਕੇਯੂ ਉਗਰਾਹਾਂ ਵੱਲੋਂ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਦੇ ਵਿਰੋਧ ਦਾ ਐਲਾਨ

ਮਹਿਲ ਕਲਾਂ-ਹਲਕਾ ਮਹਿਲ ਕਲਾਂ ਦੇ ਪਿੰਡ ਚੀਮਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ’ਚ ਜਥੇਬੰਦੀ ਨੇ ਸੂਬਾ ਸਰਕਾਰ ਦੇ ਜਬਰ ਵਿਰੁੱਧ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਦੇ ਵਿਰੋਧ ਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ।

ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਚਾਉਕੇ ਆਦਰਸ਼ ਸਕੂਲ ਸੰਘਰਸ਼ ਵਿੱਚ ਗ੍ਰਿਫ਼ਤਾਰ ਕੀਤੇ ਆਗੂ ਵਰਕਰਾਂ ਦੀ ਰਿਹਾਈ, ਕਿਸਾਨਾਂ ਅਤੇ ਅਧਿਆਪਕਾਂ ’ਤੇ ਜਬਰ ਢਾਹੁਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਥਿਤ ਭ੍ਰਿਸ਼ਟ ਮੈਨੇਜਮੈਂਟ ਵਿਰੁੱਧ ਕਾਰਵਾਈ ਕਰਵਾਉਣ ਤੇ ਸਕੂਲੋਂ ਕੱਢੇ ਅਧਿਆਪਕਾਂ ਨੂੰ ਬਹਾਲ ਕਰਵਾਉਣ ਆਦਿ ਮੰਗਾਂ ਲਈ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਜਥੇਬੰਦੀ 24 ਅਪਰੈਲ ਨੂੰ ਮਾਨਸਾ ਵਿੱਚ ਹੋ ਰਹੇ ਮੁਜ਼ਾਹਰੇ ’ਚ ਸ਼ਮੂਲੀਅਤ ਕਰੇਗੀ। ਮੁਜ਼ਾਹਰੇ ਰਾਹੀਂ ਮੈਨੇਜਮੈਂਟ ਦੇ ਮੁਖੀਆਂ ਦੇ ਰਿਹਾਇਸ਼ੀ ਸ਼ਹਿਰ ਵਿੱਚ ਉਨ੍ਹਾਂ ਦੇ ਕਥਿਤ ਭ੍ਰਿਸ਼ਟ ਕਾਰੇ ਨਸ਼ਰ ਕੀਤੇ ਜਾਣਗੇ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੈਨੇਜਮੈਂਟ ਦਾ ਪੱਖ ਪੂਰ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ 5 ਮਾਰਚ ਨੂੰ ਚੰਡੀਗੜ੍ਹ ’ਚ ਕਿਸਾਨਾਂ ਨੂੰ ਧਰਨਾ ਦੇਣ ਤੋਂ ਰੋਕਿਆ ਗਿਆ ਅਤੇ ਸ਼ੰਭੂ-ਖਨੌਰੀ ਬਾਰਡਰਾਂ ’ਤੇ ਚੱਲ ਰਹੇ ਲਗਾਤਾਰ ਕਿਸਾਨ ਧਰਨਿਆਂ ਨੂੰ ਜਬਰ ਕਰਕੇ ਉਖਾੜਿਆ ਗਿਆ ਸੀ। ਸੂਬੇ ਦੀ ‘ਆਪ’ ਸਰਕਾਰ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦੇ ਰਾਹ ’ਤੇ ਹੈ ਅਤੇ ਹੁਣ ਸਥਾਨਕ ਮੈਨੇਜਮੈਂਟ ਦੀ ਪਿੱਠ ’ਤੇ ਖੜ੍ਹ ਕੇ ਲੋਕਾਂ ’ਤੇ ਜਬਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਲੋਕਾਂ ਪ੍ਰਤੀ ਅਖਤਿਆਰ ਕੀਤੇ ਇਸ ਜਾਬਰ ਰਵੱਈਏ ਦਾ ਜਵਾਬ ਪਿੰਡਾਂ ਦੀਆਂ ਸੱਥਾਂ ਵਿੱਚ ਦੇਣਾ ਪਵੇਗਾ ਤੇ ਆਉਂਦੇ ਦਿਨਾਂ ’ਚ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਪਿੰਡਾਂ ਆਉਣ ਸਮੇਂ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਜਥੇਬੰਦੀ ਨੇ ਅੱਗ ਨਾਲ ਨੁਕਸਾਨੀਆਂ ਫ਼ਸਲਾਂ ਦੇ ਯੋਗ ਮੁਆਵਜ਼ੇ ਦੀ ਮੰਗ ਵੀ ਕੀਤੀ।