ਕਿਸਾਨਾਂ ਤੇ ਮਜ਼ਦੂਰਾਂ ਨੇ ਪੰਜਾਬ ’ਚ ਮੋਦੀ ਤੇ ਵੈਂਸ ਦੇ ਪੁਤਲੇ ਫੂਕੇ
ਚੰਡੀਗੜ੍ਹ-ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਭਾਰਤ-ਅਮਰੀਕਾ ਵਿਚਾਲੇ ਦੱਧ ਉਤਪਾਦ ਤੇ ਖੇਤੀ ਜਿਣਸਾਂ ਨੂੰ ਬਿਨਾਂ ਟੈਕਸ ਜਾਂ ਘੱਟ ਟੈਕਸ ’ਤੇ ਦਰਾਮਦ ਕਰਨ ਲਈ ਬਣਾਈ ਜਾ ਰਹੀ ਰਣਨੀਤੀ ਦਾ ਵਿਰੋਧ ਕੀਤਾ ਹੈ। ਅੱਜ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਵਿੱਚ 108 ਥਾਵਾਂ ’ਤੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸੂਬੇ ਦੇ 18 ਜ਼ਿਲ੍ਹਿਆਂ ’ਚ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕੀਤੀ, ਜਿਨ੍ਹਾਂ ’ਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਬਜ਼ੁਰਗ ਤੇ ਔਰਤਾਂ ਨੇ ਹਿੱਸਾ ਲਿਆ। ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਭਰਾ ਤੇ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਜੇ ਭਾਰਤ ਵਿੱਚ ਦੁੱਧ ਉਤਪਾਦ, ਮੀਟ ਅਤੇ ਖੇਤੀ ਜਿਣਸਾਂ ਨੂੰ ਬਿਨਾਂ ਟੈਕਸ ਜਾਂ ਘੱਟ ਟੈਕਸ ’ਤੇ ਦਰਾਮਦ ਕਰਨ ਦੇ ਸਮਝੌਤੇ ਸਿਰੇ ਲਗਦੇ ਹਨ ਤਾਂ ਦੇਸ਼ ਵਾਸੀ ਇਸ ਦਾ ਬਾਜ਼ਾਰ ਵਿੱਚ ਮੁਕਾਬਲਾ ਨਹੀਂ ਕਰ ਸਕਣਗੇ ਅਤੇ ਦੁੱਧ ਉਤਪਾਦਨ, ਖੇਤੀ ਅਤੇ ਮੱਧਮ ਤੇ ਛੋਟੇ ਵਪਾਰ ਤੋਂ ਬਾਹਰ ਹੋ ਜਾਣਗੇ। ਇਸ ਤਰ੍ਹਾਂ ਆਉਂਦੇ ਸਾਲਾਂ ਵਿਚ ਭਾਰਤੀ ਲੋਕਾਂ ਦੀ ਵਿਦੇਸ਼ੀ ਕੰਪਨੀਆਂ ਵੱਲੋਂ ਖੁੱਲ੍ਹੀ ਲੁੱਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਂਸ ਇਹ ਸਮਝੌਤਾ ਕਰਨ ਲਈ ਹੀ ਭਾਰਤ ਆਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਮੋਦੀ ਸਰਕਾਰ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤੇ ਅਤੇ ਮੁਫ਼ਤ ਦਿੱਤੇ ਜਾਣ ਵਾਲੇ ਅਨਾਜ ਬੰਦ ਕਰਨ ਲਈ ਦਬਾਅ ਬਣਾ ਰਿਹਾ ਹੈ ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਨਿਗੂਣੀ ਸਬਸਿਡੀ ਵੀ ਬੰਦ ਕਰਨ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਤੇ ਭਾਰਤੀ ਸਰਕਾਰਾਂ ਰਲ ਕੇ ਸਾਮਰਾਜ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ ਤੇ ਡੋਨਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਮਗਰੋਂ ਇਹ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ। ਅਮਰੀਕਾ ਵੱਲੋਂ ਆਪਣੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੂੰ ਕਾਫੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦਕਿ ਭਾਰਤ ਵਿੱਚ ਇਹ ਨਾਂਹ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਟਰੇਡ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਸਮੇਤ ਛੋਟੇ ਵਪਾਰੀ ਇਕੱਠੇ ਹੋ ਕੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੇ।