ਗੈਂਗਸਟਰ ਜੈਸਲ ਚੰਬਲ ਗਰੋਹ ਦਾ ਮੈਂਬਰ ਗ੍ਰਿਫ਼ਤਾਰ
ਤਰਨ ਤਾਰਨ-ਇਥੇ ਥਾਣਾ ਸਿਟੀ ਨੇ ਕੁਝ ਦਿਨ ਪਹਿਲਾਂ ਤਰਨ ਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਬਾਈਪਾਸ ’ਤੇ ਸਥਿਤ ਗਣੇਸ਼ ਡੇਅਰੀ ਦੇ ਮਾਲਕ ਦੇ ਘਰ ਅਤੇ ਡੇਅਰੀ ’ਤੇ ਗੋਲੀਆਂ ਚਲਾਉਣ ਵਾਲੇ ਤਿੰਨ ਵਿੱਚੋਂ ਇਕ ਮੁਲਜ਼ਮ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕਰ ਲਿਆ| ਗੈਂਗ ਦੇ ਦੋ ਮੁਲਜ਼ਮ ਹਾਲੇ ਫ਼ਰਾਰ ਹਨ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇਥੇ ਦੱਸਿਆ ਕਿ ਇਹ ਗਰੁੱਪ ਵਿਦੇਸ਼ ’ਚ ਬੈਠੇ ਗੈਂਗਸਟਰ ਜੈਸਲ ਚੰਬਲ ਦੇ ਇਸ਼ਾਰਿਆਂ ’ਤੇ ਫਿਰੌਤੀਆਂ ਨਾ ਦੇਣ ’ਤੇ ਲੋਕਾਂ ਨੂੰ ਗੋਲੀਆਂ ਮਾਰ ਕੇ ਡਰਾਉਣ ਦੀਆਂ ਕਾਰਵਾਈਆਂ ਕਰਦਾ ਆ ਰਿਹਾ ਸੀ| ਥਾਣਾ ਸਿਟੀ ਦੇ ਐੱਸਐੱਚਓ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਜੋਬਨਜੀਤ ਸਿੰਘ ਵਾਸੀ ਸ਼ੇਖਚੱਕ (ਥਾਣਾ ਸਦਰ ਤਰਨ ਤਾਰਨ) ਵਜੋਂ ਹੋਈ ਹੈ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮ ਦੇ ਨਾਲ ਡੇਅਰੀ ਮਾਲਕ ’ਤੇ ਗੋਲੀਆਂ ਚਲਾਉਣ ਵਾਲੇ ਬਾਕੀ ਦੇ ਦੋ ਹੋਰ ਮੁਲਜ਼ਮਾਂ ਦੀ ਵੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ| ਜੈਸਲ ਚੰਬਲ ਵੱਲੋਂ ਡੇਅਰੀ ਮਾਲਕ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ| ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਵੱਲੋਂ ਬੀਐੱਨਐੱਸ ਦੀ ਦਫ਼ਾ 308 (4), 3 (5) ਅਤੇ 25, 27 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ| ਜੋਬਨਜੀਤ ਖਿਲਾਫ਼ ਇਸ ਤੋਂ ਪਹਿਲਾਂ ਨਸ਼ਿਆਂ ਸਬੰਧੀ ਵੀ ਕੇਸ ਦਰਜ ਹੈ|