Punjab

ਚੰਡੀਗੜ੍ਹ ਮੋਰਚਾ: ਮੁਹਾਲੀ ’ਚ 300 ਤੋਂ ਵੱਧ ਕਿਸਾਨ ਗ੍ਰਿਫ਼ਤਾਰ

ਐੱਸਏਐੱਸ ਨਗਰ (ਮੁਹਾਲੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਸਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਘੇਰਨ ਲਈ ਉਲੀਕੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਮੁਹਾਲੀ ਪੁਲੀਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਇਸ ਦੌਰਾਨ ਮੁਹਾਲੀ ਵਿੱਚ 300 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸੈਂਟਰਲ ਥਾਣਾ ਫੇਜ਼-8 ਅਤੇ ਮਟੌਰ ਥਾਣੇ ’ਚ ਡੱਕ ਕੇ ਰੱਖਿਆ ਗਿਆ। ਗੁਰੂਘਰਾਂ ’ਚੋਂ ਵੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਤਾ ਲੱਗਿਆ ਹੈ। ਇਹੀ ਨਹੀਂ ਗੁਰੂਘਰਾਂ ਵਿੱਚ ਨਤਮਸਤਕ ਹੋਣ ਵਾਲੀ ਸੰਗਤ ਤੋਂ ਵੀ ਪੁੱਛ-ਪੜਤਾਲ ਕੀਤੀ ਗਈ। ਪੁਲੀਸ ਨੂੰ ਸ਼ੱਕ ਸੀ ਕਿ ਕੁੱਝ ਕਿਸਾਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਲੁਕੇ ਹੋਏ ਹਨ।

ਇਸ ਦੌਰਾਨ ਅੱਜ ਸਾਰਾ ਦਿਨ ਪੁਲੀਸ ਮੁਲਾਜ਼ਮਾਂ ਵੱਲੋਂ ਰਾਹਗੀਰਾਂ ਨੂੰ ਰੋਕ-ਰੋਕ ਕੇ ਪੜਤਾਲ ਕਰਨ ਤੋਂ ਲੋਕ ਕਾਫ਼ੀ ਔਖੇ ਹੋਏ। ਇੱਥੋਂ ਤੱਕ ਪੁਲੀਸ ਨੇ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਪੁੱਛ ਪੜਤਾਲ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ। ਪੁਲੀਸ ਮੁਲਾਜ਼ਮਾਂ ਨੇ ਜ਼ਿਆਦਾਤਰ ਪੁੱਛ ਪੜਤਾਲ ਸਿਰਫ਼ ਉਨ੍ਹਾਂ ਪੰਜਾਬੀਆਂ ਤੋਂ ਕੀਤੀ ਗਈ, ਜਿਨ੍ਹਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਸਨ।

ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਸੁਰੱਖਿਆ ਇੰਤਜ਼ਾਮਾਂ ਦਾ ਸਾਰਾ ਜ਼ਿੰਮਾ ਮੁਹਾਲੀ ਦੇ ਐੱਸਪੀ ਸਿਟੀ ਹਰਵੀਰ ਸਿੰਘ ਅਟਵਾਲ, ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਤੇ ਡੀਐੱਸਪੀ ਹਰਸਿਮਰਨ ਸਿੰਘ ਬੱਲ ਦੇ ਮੋਢਿਆਂ ’ਤੇ ਸੀ। ਉਧਰ, ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਬੀਕੇਯੂ (ਲੱਖੋਵਾਲ) ਜਥੇਬੰਦੀਆਂ ਦੇ ਆਗੂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੱਕ ਪਹੁੰਚ ਗਏ। ਉਨ੍ਹਾਂ ਨੇ ਇੱਥੋਂ ਕਾਫ਼ਲੇ ਦੇ ਰੂਪ ਵਿੱਚ ਚੰਡੀਗੜ੍ਹ ਵੱਲ ਕੂਚ ਕਰਨਾ ਸੀ ਪਰ ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਾਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇੰਝ ਹੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਮੀਤ ਪ੍ਰਧਾਨ ਕਿਰਪਾਲ ਸਿੰਘ, ਬਲਾਕ ਪ੍ਰਧਾਨ ਮੋਹਨ ਸਿੰਘ ਅਤੇ ਜਰਨੈਲ ਸਿੰਘ ਗੋਸਲਾ ਦੀ ਅਗਵਾਈ ਹੇਠ ਪੰਜ ਟਰੈਕਟਰ-ਟਰਾਲੀਆਂ ਵਿੱਚ ਸਵਾਰ ਸੈਂਕੜੇ ਕਿਸਾਨ ਪੁਲੀਸ ਨੂੰ ਝਕਾਨੀ ਦੇ ਕੇ ਫੇਜ਼-2 ਤੋਂ ਫ਼ਰਨੀਚਰ ਮਾਰਕੀਟ ਨੂੰ ਜਾਣ ਵਾਲੀ ਸੜਕ ’ਤੇ ਲਾਲ ਬੱਤੀਆਂ ਤੱਕ ਪਹੁੰਚ ਗਏ ਪਰ ਇਨ੍ਹਾਂ ਸਾਰੇ ਕਿਸਾਨਾਂ ਨੂੰ ਵੀ ਮਟੌਰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਥਾਣੇ ਵਿੱਚ ਡੱਕ ਦਿੱਤਾ।