Punjab

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਣੇ ਤਿੰਨ ਅਹੁਦੇਦਾਰ ਮੁਅੱਤਲ

ਫ਼ਿਰੋਜ਼ਪੁਰ-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਤਿੰਨ ਅਹੁਦੇਦਾਰਾਂ ਨੂੰ ਜਥੇਬੰਦੀ ਤੋਂ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਆਗੂਆਂ ’ਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ (ਫੌਜੀ) ਪੋਜੋ ਕੇ, ਜ਼ਿਲ੍ਹਾ ਸਕੱਤਰ ਸੁਰਜੀਤ ਬਜੀਦਪੁਰ ਤੇ ਜ਼ਿਲ੍ਹਾ ਖਜ਼ਾਨਚੀ ਜਤਿੰਦਰ ਰੌਫ਼ੀ ਸ਼ਾਮਲ ਹਨ। ਜਥੇਬੰਦੀ ਅੰਦਰ ਗੁੱਟਬੰਦੀ ਵਾਲੀਆਂ ਸਰਗਰਮੀਆਂ ਅੰਜਾਮ ਦੇਣ ਦੇ ਦੋਸ਼ ਹੇਠ ਪਾਰਟੀ ਵੱਲੋਂ ਇਨ੍ਹਾਂ ਆਗੂਆਂ ਖ਼ਿਲਾਫ਼ ਇਹ ਫ਼ੈਸਲਾ ਲਿਆ ਗਿਆ ਹੈ। ਇਹ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਕੀਤੀ ਗਈ।

ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਰੇਸ਼ਮ ਸਿੰਘ ਮਿੱਡਾ ਦੀ ਅਗਵਾਈ ਹੇਠ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਜਥੇਬੰਦੀ ਵਿਚ ਫੁੱਟਪਾਊ ਅਤੇ ਗੁੱਟਬੰਦੀ ਵਾਲੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਸਨ। ਦੋ ਦਿਨ ਪਹਿਲਾਂ ਫ਼ਰੀਦਕੋਟ ਵਿੱਚ ਜਨਤਕ ਤੌਰ ’ਤੇ ਰੇਸ਼ਮ ਸਿੰਘ ਮਿੱਡਾ ਨੇ ਜਥੇਬੰਦੀ ਵਿੱਚ ਬਾਗੀ ਗਰੁੱਪ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਿੱਡਾ ਨੂੰ ਸੂਬਾ ਕਮੇਟੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੀ ਦੁਬਾਰਾ ਜ਼ਿਲ੍ਹਾ ਕਮੇਟੀ ਚੁਣਨ ਤੋਂ ਪਹਿਲਾਂ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਗੁਰਸੇਵਕ ਸਿੰਘ ਖਵਾਜਾ ਖੜਕ ਨੂੰ ਪ੍ਰਧਾਨ, ਗੁਰਚਰਨ ਸਿੰਘ ਮਲਸੀਆਂ ਕਲਾਂ ਨੂੰ ਸਕੱਤਰ, ਦਿਲਬਾਗ ਸਿੰਘ ਸੁਰ ਸਿੰਘ ਵਾਲਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਝੋਕ ਨੂੰ ਜ਼ਿਲ੍ਹਾ ਖਜ਼ਾਨਚੀ ਅਤੇ ਪ੍ਰਤਾਪ ਸਿੰਘ ਲਖਮੀਰਪੁਰਾ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਦਸ ਬਲਾਕਾਂ ’ਚੋਂ ਸ਼ਾਮਲ ਹੋਏ ਆਗੂਆਂ ਵੱਲੋਂ ਉਕਤ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।