ਨਸ਼ੇੜੀਆਂ ਦੇ ਘਰ ਢਾਹੁਣ ਦੇ ਨਾਲ ਮਗਰਮੱਛਾਂ ਦੀਆਂ ਕੋਠੀਆਂ ਵੀ ਢਾਹੇ ਮਾਨ ਸਰਕਾਰ: ਰਾਜਾ ਵੜਿੰਗ
ਪਟਿਆਲਾ-ਪਟਿਆਲਾ ਦਿਹਾਤੀ ਦੇ ਕਾਂਗਰਸ ਇੰਚਾਰਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਅੱਜ ਇੱਥੇ ਅਨਾਜ ਮੰਡੀ ਵਿਚ ਪੰਜਾਬ ਦੀ ਮੁੱਖ ਲੀਡਰਸ਼ਿਪ ਦੀ ਹਾਜ਼ਰੀ ’ਚ ‘ਨੌਕਰੀ ਦਿਓ, ਨਸ਼ਾ ਨਹੀਂ’ ਦੇ ਨਾਅਰੇ ਹੇਠ ਰੈਲੀ ਕੀਤੀ ਗਈ। ਰੈਲੀ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੇਸ਼ੱਕ ਸਾਡੀ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖ਼ਤਮ ਕਰਨ ’ਚ ਭੋਰਾ ਕੰਮ ਨਹੀਂ ਕੀਤਾ ਪਰ ਪੰਜਾਬ ’ਚ ਨਸ਼ਾ ਲਿਆਉਣ ’ਚ ਮੁੱਖ ਤੌਰ ’ਤੇ ਤਤਕਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦਾ ਡਰਾਮਾ ਕਰ ਰਹੀ ਹੈ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚੋਂ ਇਕ ਮਹੀਨੇ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਤਿੰਨ ਸਾਲ ਬੀਤਣ ਬਾਅਦ ਵੀ ਸਿਰਫ ਨਸ਼ੇੜੀਆਂ ਦੇ ਘਰ ਢਾਹੇ ਜਾ ਰਹੇ ਹਨ ਜਦਕਿ ਵੱਡੇ ਮਗਰਮੱਛਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ।
ਸੂੁੁੁਬਾ ਪ੍ਰਧਾਨ ਨੇ ਕਿਹਾ ਕਿ ਅਗਾਮੀ ਅਸੈਂਬਲੀ ਚੋਣਾਂ ਦੌਰਾਨ ਕਾਂਗਰਸ ਪੰਜਾਬ ਵਿਚ 60 ਤੋਂ 70 ਟਿਕਟਾਂ ਨੌਜਵਾਨਾਂ ਨੂੰ ਦੇਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਤੇ ਅੱਜ ਪੌਣੇ ਚਾਰ ਸੌ ਲੱਖ ਦਾ ਕਰਜ਼ਾ ਹੈ। ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਬਣਾਏ ਤਿੰਨ ਖੇਤੀ ਕਾਨੂੰਨ ਸਾਜ਼ਿਸ਼ ਤਹਿਤ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ’ਤੇ ਕਿਸਾਨੀ ਮੁੱਦਿਆਂ ’ਤੇ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਇਸ ਕਰਕੇ ਭਵਿੱਖ ’ਚ ‘ਆਪ’ ਦਾ ਹਾਲ ਵੀ ਸ਼੍ਰੋਮਣੀ ਅਕਾਲੀ ਦਲ ਵਾਲਾ ਹੀ ਹੋਵੇਗਾ, ਜੋ ਹੁਣ ਸਾਜ਼ਿਸ਼ਾਂ ਰਚ ਕੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਵੀ ਹਟਾ ਰਹੇ ਹਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਅਲੋਕ ਸ਼ਰਮਾ ਸਕੱਤਰ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਹਰਦਿਆਲ ਸਿੰਘ ਕੰਬੋਜ ਰਾਜਪੁਰਾ, ਹਰਿੰਦਰਪਾਲ ਸਿੰਘ ਹੈਰੀਮਾਨ, ਜਨਰਲ ਸਕੱਤਰ ਸੰਦੀਪ ਸੰਧੂ, ਐੱਨਐੱਸਯੂਆਈ ਦੇ ਪ੍ਰਧਾਨ ਈਸ਼ਰ ਆਦਿ ਹਾਜ਼ਰ ਸਨ।