ਮੰਡੀ: ਬੱਦਲ ਫਟਣ ਦੀਆਂ ਘਟਨਾਵਾਂ ’ਚ ਮ੍ਰਿਤਕਾਂ ਦੀ ਗਿਣਤੀ 14 ਹੋਈ
ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਕਾਰਨ ਮਰੇ ਦੋ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ ਅਤੇ ਲਾਪਤਾ 31 ਜਣਿਆਂ ਦੀ ਭਾਲ ਜਾਰੀ ਹੈ।
ਉਧਰ, ਮੌਸਮ ਵਿਭਾਗ ਨੇ 5 ਤੋਂ 9 ਜੁਲਾਈ ਤੱਕ ਪੰਜ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਕਾਂਗੜਾ, ਮੰਡੀ, ਹਮੀਰਪੁਰ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਹੜ੍ਹਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਦਲ ਫਟਣ ਦੀਆਂ ਦਸ, ਅਚਾਨਕ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਅਧਿਕਾਰੀਆਂ ਨੇ ਅੱਜ ਸਵੇਰੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤੱਕ ਮੰਡੀ ਜ਼ਿਲ੍ਹੇ ਦੀਆਂ ਸਬ-ਡਿਵੀਜ਼ਨਾਂ ਕਰਸੋਗ ਵਿੱਚ ਇੱਕ, ਗੋਹਰ ’ਚ ਸੱਤ ਅਤੇ ਥੁਨਾਗ ਵਿੱਚ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਹਾਦਸੇ ਵਿੱਚ 150 ਤੋਂ ਵੱਧ ਮਕਾਨ, 104 ਗਊਸ਼ਾਲਾਵਾਂ, 31 ਵਾਹਨ, 14 ਪੁਲ ਤੇ ਕਈ ਸੜਕਾਂ ਨੁਕਸਾਨੀਆਂ ਗਈਆਂ ਅਤੇ 162 ਪਸ਼ੂ ਮਾਰੇ ਗਏ ਹਨ ਜਦਕਿ ਮੰਡੀ ’ਚ 316 ਵਿਅਕਤੀਆਂ ਸਮੇਤ ਕੁੱਲ 370 ਵਿਅਕਤੀ ਬਚਾਏ ਗਏ ਹਨ। ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਖੋਜ ਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੋਲਾਂਗ ਨਾਲੇ ਨੇੜੇ ਡਰੇਨ ਵਿੱਚ ਹੜ੍ਹ ਆਉਣ ਮਗਰੋਂ ਮਨਾਲੀ-ਕਿਲੌਂਗ ਸੜਕ ਬੰਦ ਹੋ ਗਈ ਅਤੇ ਟਰੈਫਿਕ ਨੂੰ ਰੋਹਤਾਂਗ ਦੱਰੇ ਰਾਹੀਂ ਲੰਘਾਇਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਸੂਬੇ ਦੀਆਂ ਕੁੱਲ 261 ਸੜਕਾਂ ਬੰਦ ਹਨ ਅਤੇ 599 ਟਰਾਂਸਫਾਰਮਰ ਤੇ 797 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸੂਬਾਈ ਐਮਰਜੈਂਸੀ ਕੇਂਦਰ ਅਨੁਸਾਰ ਸਭ ਤੋਂ ਵੱਧ ਨੁਕਸਾਨ ਮੰਡੀ ’ਚ ਹੋਇਆ ਜਿੱਥੇ ਅੱਜ ਸਵੇਰ ਤੱਕ 186 ਸੜਕਾਂ ਆਵਾਜਾਈ ਲਈ ਬੰਦ ਰਹੀਆਂ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਬੁੱਧਵਾਰ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ। ਸੁੁੱਖੂ ਨੇ ਸਥਾਨਕ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਨੇੜੇ-ਤੇੜੇ ਕੋਈ ਸਰਕਾਰੀ ਜ਼ਮੀਨ ਉਪਲੱਬਧ ਹੈ ਤਾਂ ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਬੇਘਰ ਹੋ ਗਏ ਹਨ। ਜੇਕਰ ਜ਼ਮੀਨ ਜੰਗੀ ਖੇਤਰ ਅਧੀਨ ਆਉਂਦੀ ਹੈ ਤਾਂ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇਗਾ।
