ਗਿੱਪੀ ਗਰੇਵਾਲ ਨੇ Air Canada ’ਤੇ ਲਾਏ ਦੋਸ਼, ਬਿਜ਼ਨਸ ਕਲਾਸ ਦੀ ਟਿਕਟ ਦੇ ਬਾਵਜੂਦ ਇਕੋਨੋਮੀ ’ਚ ਬਿਠਾਉਣ ਦਾ ਦਾਅਵਾ
ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ Air Canada ਦੀ ਫਲਾਈਟ ਦੌਰਾਨ ਕਥਿਤ ਤੌਰ ’ਤੇ ਹੋਏ ਮਾੜੇ ਤਜਰਬੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ‘X’ ’ਤੇ ਸਾਂਝੀ ਕੀਤੀ ਪੋਸਟ ਵਿੱਚ ਗਿੱਪੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਪੂਰੀ ਫ਼ੀਸ ਅਦਾ ਕੀਤੀ ਸੀ, ਪਰ ਫਲਾਈਟ ਵਿੱਚ ਉਨ੍ਹਾਂ ਨੂੰ ਇਕੋਨੋਮੀ ਕਲਾਸ ਦੀ ਸੀਟ ਦਿੱਤੀ ਗਈ।
ਗਿੱਪੀ ਮੁਤਾਬਕ, ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ਼ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਨੇ ਰੁੱਖਾ ਰਵੱਈਆ ਅਪਣਾਉਂਦਿਆਂ ਕਿਹਾ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲਗਾਤਾਰ ਸਵਾਲ ਕਰਨ ’ਤੇ ਉਨ੍ਹਾਂ ਨੂੰ ਫਲਾਈਟ ਛੱਡਣ ਜਾਂ ਜਹਾਜ਼ ਤੋਂ ਉਤਾਰਨ ਦੀ ਗੱਲ ਕਹੀ ਗਈ।
ਗਿੱਪੀ ਨੇ ਕਿਹਾ ਕਿ ਉਹ ਕਿਸੇ ਵਾਧੂ ਸੁਵਿਧਾ ਦੀ ਮੰਗ ਨਹੀਂ ਕਰ ਰਹੇ ਸਨ, ਸਗੋਂ ਆਪਣੀ ਬੁੱਕ ਕੀਤੀ ਬਿਜ਼ਨਸ ਕਲਾਸ ਸੀਟ ਅਤੇ ਉਸ ਵਿੱਚ ਹੋਏ ਬਦਲਾਅ ਦੀ ਵਜ੍ਹਾ ਜਾਣਨਾ ਚਾਹੁੰਦੇ ਸਨ। ਉਨ੍ਹਾਂ ਮੁਤਾਬਕ, ਪੂਰੇ ਮਾਮਲੇ ਦੌਰਾਨ ਸਟਾਫ਼ ਵੱਲੋਂ ਮੁਆਫ਼ੀ ਵੀ ਨਹੀਂ ਮੰਗੀ ਗਈ।
ਇਹ ਮਾਮਲਾ ਟੋਰਾਂਟੋ ਤੋਂ ਨਿਊਯਾਰਕ ਜਾਣ ਵਾਲੀ Air Canada ਦੀ ਫਲਾਈਟ AC1504 ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਗਿੱਪੀ ਦੀ ਪੋਸਟ ਤੋਂ ਬਾਅਦ Air Canada ਨੇ ‘X’ ’ਤੇ ਜਵਾਬ ਦਿੰਦਿਆਂ ਘਟਨਾ ’ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਮੁਆਫ਼ੀ ਮੰਗੀ। ਏਅਰਲਾਈਨ ਨੇ ਗਿੱਪੀ ਨੂੰ ਬੁਕਿੰਗ ਰੈਫ਼ਰੈਂਸ ਅਤੇ ਹੋਰ ਜਾਣਕਾਰੀ DM ਰਾਹੀਂ ਭੇਜਣ ਲਈ ਕਿਹਾ ਹੈ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ।
ਫਿਲਹਾਲ Air Canada ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਬਿਜ਼ਨਸ ਕਲਾਸ ਦੀ ਬੁਕਿੰਗ ਹੋਣ ਦੇ ਬਾਵਜੂਦ ਗਿੱਪੀ ਗਰੇਵਾਲ ਨੂੰ ਇਕੋਨੋਮੀ ਕਲਾਸ ਵਿੱਚ ਕਿਉਂ ਬਿਠਾਇਆ ਗਿਆ।
