National

8% GDP ਗ੍ਰੋਥ ਅਤੇ ਵਿਕਸਤ ਭਾਰਤ ਦਾ ਟੀਚਾ, ਟੈਰਿਫ ਦੀ ਚੁਣੌਤੀ ਨਾਲ ਕਿਵੇਂ ਨਜਿੱਠੇਗਾ ਭਾਰਤ

ਨਵੀਂ ਦਿੱਲੀ- ਜਦੋਂ ਤੋਂ ਅਮਰੀਕਾ ਨੇ ਭਾਰਤੀ ਬਰਾਮਦ ‘ਤੇ 50 ਫੀਸਦੀ ਟੈਰਿਫ ਲਗਾਇਆ ਹੈ, ਉਦੋਂ ਤੋਂ ਇਸ ਦੇ ਆਰਥਿਕ ਪ੍ਰਭਾਵਾਂ ਬਾਰੇ ਵੱਖ-ਵੱਖ ਅਨੁਮਾਨ ਸਾਹਮਣੇ ਆ ਰਹੇ ਹਨ। ਇਸ ਮਾਮਲੇ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਮੌਜੂਦਾ ਆਲਮੀ ਉਥਲ-ਪੁਥਲ ਦਾ ਭਾਰਤ ਦੇ ਜੀਡੀਪੀ ਵਾਧੇ ‘ਤੇ ਸੀਮਤ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧਦੇ ਭੂ-ਰਾਜਨੀਤਕ ਤਣਾਅ ਦੌਰਾਨ ਟੈਰਿਫ, ਆਲਮੀ ਅਰਥਚਾਰੇ ਨੂੰ ਨਵਾਂ ਆਕਾਰ ਦੇ ਰਹੇ ਹਨ, ਜਦੋਂਕਿ ਭਾਰਤ 8% ਜੀਡੀਪੀ ਵਾਧੇ ਦਾ ਟੀਚਾ ਰੱਖਦਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜ਼ੋਰ ਦੇ ਕੇ ਕਿਹਾ ਕਿ ‘ਵਿਕਸਤ ਭਾਰਤ’ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤ ਨੂੰ 8 ਫੀਸਦ ਵਾਧੇ ਦੀ ਦਰ ਹਾਸਲ ਕਰਨੀ ਹੋਵੇਗੀ। ਨਵੀਂ ਦਿੱਲੀ ‘ਚ ਕੌਟਿਲਯ ਆਰਥਿਕ ਸੰਮੇਲਨ ਦੇ ਚੌਥੇ ਐਡੀਸ਼ਨ ‘ਚ ਵਿੱਤ ਮੰਤਰੀ ਨੇ ਭਾਰਤ ਦੇ ਦੋ ਮਹੱਤਵਪੂਰਨ ਟੀਚਿਆਂ ਬਾਰੇ ਕਿਹਾ, “ਦੇਸ਼ਾ ਦਾ ਟੀਚਾ 2047 ਤਕ ਵਿਕਸਤ ਆਰਥਿਕਤਾ ਦਾ ਦਰਜਾ ਪ੍ਰਾਪਤ ਕਰਨਾ ਤੇ ਆਤਮਨਿਰਭਰਤਾ ਨੂੰ ਮਜ਼ਬੂਤ ਕਰਨਾ ਹੈ।”

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ, “ਵਿਕਸਤ ਭਾਰਤ ਦੇ ਟੀਚੇ ਤਕ ਪਹੁੰਚਣ ਲਈ ਸਾਨੂੰ 8% ਜੀਡੀਪੀ ਵਾਧੇ ਦੀ ਦਰ ਹਾਸਲ ਕਰਨੀ ਹੋਵੇਗੀ। ਹਾਲਾਂਕਿ, ਅਸੀਂ ਅਨੋਖੀ ਆਲਮੀ ਅਸਥਿਰਤਾ ਦੇ ਦੌਰ ‘ਚ ਹਨ, ਪਰ ਭਾਰਤ ‘ਚ ਬਾਹਰੀ ਝਟਕਿਆਂ ਨੂੰ ਝੱਲਣ ਲਈ ਮਜ਼ਬੂਤ ਸਮਰੱਥਾ ਹੈ।”

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਆਲਮੀ ਵਪਾਰ ਤੇ ਨਿਵੇਸ਼ ਨੂੰ ਪ੍ਰਭਾਵਿਤ ਕਰਨ ਵਾਲੀਆਂ ਰੁਕਾਵਟਾਂ ਸਿਰਫ਼ ਘੱਟ ਸਮੇਂਲ ਈ ਝਟਕੇ ਨਹੀਂ ਹਨ, ਸਗੋਂ ਇਹ ਗਹਿਰੇ ਸੰਰਚਨਾਤਮਕ ਤਬਦੀਲੀਆਂ ਦਾ ਸੰਕੇਤ ਦਿੰਦੇ ਹਨ। ਹਾਲਾਂਕਿ, ਘਰੇਲੂ ਸੁਧਾਰ ਤੇ ਆਲਮੀ ਅਰਥਚਾਰੇ ‘ਚ ਭਾਈਵਾਲੀ ਨਾਲ ਸੰਤੁਲਨ ਬਣਾ ਕੇ ਭਾਰਤ ਵਧ ਰਹੀਆਂ ਟੈਰਿਫ ਰੁਕਾਵਟਾਂ, ਬਦਲਦੇ ਵਪਾਰ ਗਠਜੋੜਾਂ ਤੇ ਵਧਦੇ ਭੂ-ਰਾਜਨੀਤਕ ਤਣਾਅ ਨਾਲ ਬਿਨਾਂ ਕਿਸੇ ਨੁਕਸਾਨ ਦੇ ਨਿਪਟ ਸਕੇਗਾ।

ਭੂ-ਰਾਜਨੀਤਕ ਸੰਘਰਸ਼ ਤੇਜ਼ ਹੋ ਰਹੇ ਹਨ। ਪਾਬੰਦੀਆਂ ਤੇ ਟੈਰਿਫ ਵਰਗੇ ਕਾਰਕ ਗਲੋਬਲ ਸਪਲਾਈ ਚੇਨ ਨੂੰ ਨਵਾਂ ਰੂਪ ਦੇ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਜਿਸ ਚੀਜ਼ ਦਾ ਸਾਹਮਣਾ ਕਰ ਰਹੇ ਹਾਂ, ਉਹ ਕੋਈ ਆਰਜ਼ੀ ਰੁਕਾਵਟ ਨਹੀਂ, ਸਗੋਂ ਸੰਰਚਨਾਤਮਕ ਬਦਲਾਅ ਹੈ। ਸਾਡੇ ਸਾਹਮਣੇ ਨਾ ਸਿਰਫ਼ ਆਲਮੀ ਬੇਨਿਯਮੀਆਂ ਦਾ ਪ੍ਰਬੰਧਨ ਕਰਨਾ ਹੈ ਸਗੋਂ ਵਪਾਰ ਅਤੇ ਊਰਜਾ ਅਸੰਤੁਲਨ ਦਾ ਵੀ ਸਾਹਮਣਾ ਕਰਨਾ ਹੈ।”