ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ ਦਰਜ
ਜਲੰਧਰ DAV ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼ ਦਾ ਮਾਮਲਾ
ਜਲੰਧਰ: ਜਲੰਧਰ ਦੇ DAV ਕਾਲਜ ਵਿੱਚ ਪੰਜਾਬੀ ਗੀਤ ਦੀ ਸ਼ੂਟਿੰਗ ਦੌਰਾਨ ਕਥਿਤ ਤੌਰ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਹਰਿੰਦਰਪਾਲ ਸਿੰਘ ਨਿੱਝਰ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਕਾਲਜ ਦੇ ਪ੍ਰੋਫੈਸਰ ਐੱਮ.ਪੀ. ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਸੀ।
ਇਸ ਸਬੰਧੀ ਏ.ਡੀ.ਸੀ.ਪੀ. ਜਲੰਧਰ-1 ਮੁਖਤਿਆਰ ਰਾਏ ਨੇ ਦੱਸਿਆ ਕਿ ਕਾਲਜ ਵਿੱਚ ਗੀਤ ਦੀ ਸ਼ੂਟਿੰਗ ਨਾਲ ਸਬੰਧਤ ਗਾਇਕ ਹਰਿੰਦਰਪਾਲ ਸਿੰਘ ਨਿੱਝਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਸੀ। ਪੁਲੀਸ ਮੁਤਾਬਕ ਇਸ ਪੋਸਟ ਵਿੱਚ ਸ਼ੂਟਿੰਗ ਦੌਰਾਨ ਉਸ ਦੇ ਨਾਲ ਮੌਜੂਦ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਹਥਿਆਰਾਂ ਦੀ ਜਨਤਕ ਤੌਰ ’ਤੇ ਨੁਮਾਇਸ਼ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਡਿਵੀਜ਼ਨ ਨੰਬਰ 1, ਜਲੰਧਰ ਵਿਖੇ BNS ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਵਿਅਕਤੀਆਂ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
