Global

‘ਅਪਰੇਸ਼ਨ ਸਿੰਧੂਰ’ ਰਾਹੀਂ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ: ਜੈਸ਼ੰਕਰ

ਨਿਊਯਾਰਕ/ਵਾਸ਼ਿੰਗਟਨ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਦੁਨੀਆ ਨੂੰ ਬਹੁਤ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਅਤਿਵਾਦ ਖ਼ਿਲਾਫ਼ ਕਾਰਵਾਈ ਕਰੇਗਾ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸੱਦੇ ਦੇ ਸਬੰਧ ਵਿੱਚ ਦਿੱਤੇ ਬਿਆਨ ’ਚ ਕਿਹਾ ਕਿ ਪਹਿਲਗਾਮ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ।

ਜੈਸ਼ੰਕਰ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘‘ਕੁਆਡ ਦੇ ਬਿਆਨ ਅਤੇ ਸਲਾਮਤੀ ਕੌਂਸਲ ਵੱਲੋਂ 25 ਅਪਰੈਲ ਨੂੰ ਜਾਰੀ ਬਿਆਨ ਵਿੱਚ ਸਾਡੇ ਵਾਸਤੇ ਜੋ ਅਹਿਮ ਹੈ, ਉਹ ਇਹ ਹੈ ਕਿ ਅਤਿਵਾਦ ਦੇ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਇਹ ਅਹਿਮ ਹੈ ਕਿਉਂਕਿ ਉਦੋਂ ਸਾਨੂੰ ਦੁਨੀਆ ਨੂੰ ਦੱਸਣਾ ਹੋਵੇਗਾ ਕਿ ਅਸੀਂ ਕੀ ਕੀਤਾ। 7 ਮਈ ਨੂੰ ਸ਼ੁਰੂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਦਾ ਉਦੇਸ਼ ਇਹ ਸੀ ਕਿ ਜੇ ਅਤਿਵਾਦ ਹਮਲੇ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਅੰਜਾਮ ਦੇਣ ਵਾਲਿਆਂ, ਉਨ੍ਹਾਂ ਦੇ ਸਮਰਥਕਾਂ, ਫੰਡਿੰਗ ਕਰਨ ਵਾਲਿਆਂ ਅਤੇ ਸਹਿਯੋਗੀਆਂ ਖ਼ਿਲਾਫ਼ ਕਾਰਵਾਈ ਕਰਾਂਗੇ। ਇਸ ਵਾਸਤੇ ਮੈਨੂੰ ਲੱਗਦਾ ਹੈ ਕਿ ਇਹ ਸੁਨੇਹਾ ਬਹੁਤ ਸਪੱਸ਼ਟਤਾ ਨਾਲ ਦਿੱਤਾ ਗਿਆ ਹੈ।’’

‘ਕੁਆਡ’ ਦੇਸ਼ਾਂ ਦੇ ਵਿਦੇਸ਼ ਮੰਤਰੀਆਂ- ਜੈਸ਼ੰਕਰ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਅਤੇ ਜਪਾਨ ਦੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਇਆ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਸਰਹੱਦ ਪਾਰ ਅਤਿਵਾਦ ਸਣੇ ਹਰ ਤਰ੍ਹਾਂ ਦੇ ਅਤਿਵਾਦ ਤੇ ਹਿੰਸਕ ਅਤਿਵਾਦ ਦੀਆਂ ਸਾਰੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ।

‘ਕੁਆਡ’ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ, ਉਸ ਨੂੰ ਅੰਜਾਮ ਦੇਣ ਵਾਲਿਆਂ ਅਤੇ ਇਸ ਲਈ ਫੰਡਿੰਗ ਕਰਨ ਵਾਲਿਆਂ ਨੂੰ ਬਿਨਾ ਕਿਸੇ ਦੇਰ ਤੋਂ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ ਅਤੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਇਸ ਸਬੰਧ ਵਿੱਚ ਸਹਿਯੋਗ ਵਧਾਉਣ ਦੀ ਅਪੀਲ ਕੀਤੀ। ਕੁਆਡ ਦੇ ਮੈਂਬਰ ਦੇਸ਼ਾਂ ਨੇ 22 ਅਪਰੈਲ ਨੂੰ ਹੋਏ ਇਸ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।