Sports

ਜਾਦੂਮਣੀ ਸਿੰਘ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਸੈਮੀਫਾਈਨਲ ’ਚ

ਨਵੀਂ ਦਿੱਲੀ-ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ ਮੈਂਡੇਂਗਬਾਮ ਨੇ ਬ੍ਰਾਜ਼ੀਲ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ 50 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਪਰ ਤਿੰਨ ਹੋਰ ਭਾਰਤੀ ਮੁੱਕੇਬਾਜ਼ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਏ ਹਨ। ਮੌਜੂਦਾ ਕੌਮੀ ਚੈਂਪੀਅਨ 20 ਸਾਲਾ ਜਾਦੂਮਣੀ ਨੇ ਬੀਤੀ ਦੇਰ ਰਾਤ 50 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਿਛਲੇ ਸਾਲ ਦੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਚਾਂਦੀ ਦਾ ਤਗਮਾ ਜੇਤੂ ਬਰਤਾਨੀਆ ਦੇ ਐਲਿਸ ਟ੍ਰੋਬ੍ਰਿਜ ਨੂੰ 3-2 ਨਾਲ ਹਰਾਇਆ। ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਉਜ਼ਬੇਕਿਸਤਾਨ ਦੇ ਸਾਬਕਾ ਏਸ਼ੀਅਨ ਅੰਡਰ-22 ਚੈਂਪੀਅਨ ਅਸਿਲਬੇਕ ਜਾਲੀਲੋਵ ਨਾਲ ਹੋਵੇਗਾ।

ਉਧਰ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜੇਤੂ ਨਰੇਂਦਰ ਬੇਰਵਾਲ (+90 ਕਿਲੋਗ੍ਰਾਮ), ਨਿਖਿਲ ਦੂਬੇ (75 ਕਿਲੋਗ੍ਰਾਮ) ਅਤੇ ਜੁਗਨੂ (85 ਕਿਲੋਗ੍ਰਾਮ) ਕੁਆਰਟਰ ਫਾਈਨਲ ਵਿੱਚ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਨਰੇਂਦਰ ਨੇ ਕਜ਼ਾਖਸਤਾਨ ਦੇ ਐੱਸ. ਡੈਨੀਅਲ ਨੂੰ ਸਖ਼ਤ ਟੱਕਰ ਦਿੱਤੀ ਪਰ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਨਿਖਿਲ ਸਥਾਨਕ ਖਿਡਾਰੀ ਕਾਉ ਬੇਲਿਨੀ ਹੱਥੋਂ 0-5 ਨਾਲ ਹਾਰ ਗਿਆ, ਜਦੋਂ ਕਿ ਜੁਗਨੂ ਨੂੰ ਫਰਾਂਸ ਦੇ ਏ. ਟਰਾਓਰ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਮੁਹਿੰਮ ਬੁੱਧਵਾਰ ਨੂੰ ਵੀ ਜਾਰੀ ਰਹੇਗੀ, ਜਿਸ ਵਿੱਚ ਮਨੀਸ਼ ਰਾਠੌਰ, ਹਿਤੇਸ਼ ਅਤੇ ਅਭਿਨਾਸ਼ ਜਾਮਵਾਲ ਚੁਣੌਤੀ ਪੇਸ਼ ਕਰਨਗੇ।