Sports

ਆਈਪੀਐੱਲ: ਗੁਜਰਾਤ ਨੇ ਬੰਗਲੂਰੂ ਨੂੰ ਅੱਠ ਵਿਕਟਾਂ ਨਾਲ ਹਰਾਇਆ

ਬੰਗਲੂਰੂ-ਮੁਹੰਮਦ ਸਿਰਾਜ ਅਤੇ ਸਾਈ ਕਿਸ਼ੋਰ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਫਿਰ ਜੋਸ ਬਟਲਰ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਬੰਗਲੂਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 169 ਦੌੜਾਂ ਬਣਾਈਆਂ ਸਨ। ਗੁਜਰਾਤ ਨੇ ਇਹ ਟੀਚਾ 17.5 ਓਵਰਾਂ ਵਿੱਚ 2 ਵਿਕਟਾਂ ’ਤੇ 170 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਵਿੱਚ ਜੋਸ ਬਟਲਰ ਨੇ ਨਾਬਾਦ 73 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ (49) ਨਾਲ ਦੂਜੀ ਵਿਕਟ ਲਈ 75 ਦੌੜਾਂ ਅਤੇ ਐੱਸ. ਰਦਰਫੋਰਡ (ਨਾਬਾਦ 30 ਦੌੜਾਂ) ਨਾਲ ਤੀਜੀ ਵਿਕਟ ਲਈ 63 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਬੰਗਲੂਰੂ ਲਈ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਨੇ ਇੱਕ-ਇੱਕ ਵਿਕਟ ਲਈ।

ਇਸ ਤੋਂ ਪਹਿਲਾਂ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਉਸ ਦੇ ਗੇਂਦਬਾਜ਼ਾਂ ਨੇ ਸਹੀ ਸਾਬਤ ਕੀਤਾ। ਬੰਗਲੂਰੂ ਦੀ ਟੀਮ ਪੰਜਵੇਂ ਓਵਰ ਵਿੱਚ ਸਿਰਫ਼ 35 ਦੌੜਾਂ ’ਤੇ ਤਿੰਨ ਬੱਲੇਬਾਜ਼ ਗੁਆ ਬੈਠੀ ਸੀ। ਵਿਰਾਟ ਕੋਹਲੀ (7) ਨੇ ਸਿਰਾਜ ਦੀ ਗੇਂਦ ’ਤੇ ਚੌਕਾ ਲਾ ਕੇ ਆਪਣਾ ਖਾਤਾ ਖੋਲ੍ਹਿਆ ਪਰ ਫਿਰ ਅਰਸ਼ਦ ਖਾਨ ਦੀ ਗੇਂਦ ’ਤੇ ਆਊਟ ਹੋ ਗਿਆ। ਕੋਹਲੀ ਵਾਂਗ ਦੇਵਦੱਤ ਪਡਿਕਲ (4) ਨੇ ਵੀ ਅਰਸ਼ਦ ਦੀ ਗੇਂਦ ’ਤੇ ਚੌਕਾ ਲਾ ਕੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਸਿਰਾਜ ਨੇ ਉਸ ਨੂੰ ਬੋਲਡ ਕਰ ਦਿੱਤਾ। ਆਪਣੇ ਅਗਲੇ ਓਵਰ ਵਿੱਚ ਇਸ ਤੇਜ਼ ਗੇਂਦਬਾਜ਼ ਨੇ ਸਲਾਮੀ ਬੱਲੇਬਾਜ਼ ਫਿਲ ਸਾਲਟ (14) ਨੂੰ ਵੀ ਆਊਟ ਕਰ ਦਿੱਤਾ। ਕਪਤਾਨ ਰਜਤ ਪਾਟੀਦਾਰ (12) ਨੇ ਇਸ਼ਾਂਤ ਸ਼ਰਮਾ ਦੀ ਪਹਿਲੀ ਗੇਂਦ ’ਤੇ ਚੌਕਾ ਲਾਇਆ ਪਰ ਫਿਰ ਅਗਲੀ ਗੇਂਦ ’ਤੇ ਆਊਟ ਹੋ ਗਿਆ।

ਬੰਗਲੂਰੂ ਲਈ ਸਭ ਤੋਂ ਵੱਧ 54 ਦੌੜਾਂ ਲਿਆਮ ਲਿਵਿੰਗਸਟਨ ਨੇ ਬਣਾਈਆਂ। ਉਸ ਨੇ ਜਿਤੇਸ਼ ਸ਼ਰਮਾ (33) ਨਾਲ ਪੰਜਵੀਂ ਵਿਕਟ ਲਈ 52 ਅਤੇ ਟਿਮ ਡੇਵਿਡ (32) ਨਾਲ ਸੱਤਵੀਂ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕਰਕੇ ਮੇਜ਼ਬਾਨ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਗੁਜਰਾਤ ਲਈ ਮੁਹੰਮਦ ਸਿਰਾਜ ਨੇ 19 ਦੌੜਾਂ ਦੇ ਕੇ ਤਿੰਨ, ਜਦਕਿ ਕਿਸ਼ੋਰ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਰਸ਼ਦ ਖਾਨ, ਪ੍ਰਸਿੱਧ ਕ੍ਰਿਸ਼ਨਾ ਤੇ ਇਸ਼ਾਂਤ ਸ਼ਰਮਾ ਨੇ ਇੱਕ-ਇੱਕ ਬੱਲੇਬਾਜ਼ ਨੂੰ ਆਊਟ ਕੀਤਾ।