ਆਈਪੀਐੱਲ ’ਚ ਅੱਜ ਲਖਨਊ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ
ਹੈਦਰਾਬਾਦ-ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਮਗਰੋਂ ਲਖਨਊ ਸੁਪਰ ਜਾਇੰਟਸ (ਐੱਲਐੱਸਜੀ) ਦੀ ਟੀਮ ਨੂੰ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਪਣੇ ਅਗਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (ਐੱਸਐੱਚ) ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ ਸਾਲ ਦੀ ਉਪ ਜੇਤੂ ਹੈਦਰਾਬਾਦ ਦੀ ਟੀਮ ਨੇ ਇਸ ਸੀਜ਼ਨ ਵਿੱਚ ਵੀ ਆਪਣਾ ਹਮਲਾਵਰ ਰੁਖ ਬਰਕਰਾਰ ਰੱਖਿਆ ਹੈ। ਪੈਟ ਕਮਿਨਸ ਦੀ ਅਗਵਾਈ ਵਾਲੀ ਹੈਦਰਾਬਾਦ ਦੀ ਟੀਮ ਕੋਲ ਕਈ ਹਮਲਾਵਰ ਬੱਲੇਬਾਜ਼ ਹਨ ਅਤੇ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਲਈ ਆਪਣੇ ਮੁੱਖ ਗੇਂਦਬਾਜ਼ਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਨੂੰ ਰੋਕਣਾ ਸੌਖਾ ਨਹੀਂ ਹੋਵੇਗਾ। ਰਾਜਸਥਾਨ ਰੌਇਲਜ਼ ਖ਼ਿਲਾਫ਼ ਆਪਣੇ ਪਿਛਲੇ ਮੈਚ ਵਿੱਚ ਸਨਰਾਈਜ਼ਰਜ਼ ਨੇ ਛੇ ਵਿਕਟਾਂ ’ਤੇ 286 ਦੌੜਾਂ ਬਣਾਈਆਂ ਸਨ, ਜਿਸ ਵਿੱਚ ਇਸ਼ਾਨ ਕਿਸ਼ਨ ਦਾ ਸੈਂਕੜਾ ਵੀ ਸ਼ਾਮਲ ਸੀ। ਕਿਸ਼ਨ ਤੋਂ ਇਲਾਵਾ ਹੈਦਰਾਬਾਦ ਕੋਲ ਅਭਿਸ਼ੇਕ ਸ਼ਰਮਾ, ਟਰੈਵਿਸ ਹੈੱਡ ਅਤੇ ਐੱਚ ਕਲਾਸਨ ਵਰਗੇ ਹਮਲਾਵਰ ਬੱਲੇਬਾਜ਼ ਹਨ। ਅਜਿਹੀ ਸਥਿਤੀ ਵਿੱਚ ਲਖਨਊ ਨੂੰ ਗੇਂਦਬਾਜ਼ੀ ਵਿਭਾਗ ’ਚ ਸਪੱਸ਼ਟ ਯੋਜਨਾ ਨਾਲ ਮੈਦਾਨ ਵਿੱਚ ਉਤਰਨਾ ਪਵੇਗਾ। ਲਖਨਊ ਨੂੰ ਪਿਛਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਹੱਥੋਂ ਇੱਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਖਨਊ ਦਾ ਕਪਤਾਨ ਪੰਤ ਪਿਛਲੇ ਮੈਚ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਸ ਨੇ ਵਿਕਟ ਕੀਪਿੰਗ ਵਿੱਚ ਵੀ ਕਈ ਗਲਤੀਆਂ ਕੀਤੀਆਂ। ਲਖਨਊ ਲਈ ਪਿਛਲੇ ਮੈਚ ਵਿੱਚ ਮਿਸ਼ੇਲ ਮਾਰਸ਼ ਅਤੇ ਨਿਕੋਲਸ ਪੂਰਨ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਨੀਮ ਸੈਂਕੜੇ ਬਣਾਏ ਸਨ।