National

ਮੰਡੀ ਤੇ ਸ਼ਿਮਲਾ ’ਚ ਭਾਰੀ ਮੀਂਹ ਦਾ ਓਰੇਂਜ ਅਲਰਟ

ਸ਼ਿਮਲਾ-ਸਥਾਨਕ ਮੌਸਮ ਵਿਭਾਗ ਨੇ ਅੱਜ ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਦੂਰ-ਦੁਰਾਡੇ ਥਾਵਾਂ ’ਤੇ ਭਾਰੀ ਮੀਂਹ ਪੈਣ ਦਾ ‘ਓਰੇਂਜ’ ਅਲਰਟ, ਜਦਕਿ ਬਿਲਾਸਪੁਰ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੋਂ ਸ਼ਨਿਚਰਵਾਰ ਤੱਕ ਕਿਨੌਰ ਅਤੇ ਲਾਹੌਲ-ਸਪਿਤੀ ਦੇ ਕਬਾਇਲੀ ਜ਼ਿਲ੍ਹਿਆਂ ਨੂੰ ਛੱਡ ਕੇ 12 ਜ਼ਿਲ੍ਹਿਆਂ ’ਚੋਂ ਜ਼ਿਆਦਾਤਰ ਵਿੱਚ ਮੀਂਹ ਅਤੇ ਬਿਜਲੀ ਲਿਸ਼ਕਣ ਦਾ ਇੱਕ ਹੋਰ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

ਸੋਮਵਾਰ ਸ਼ਾਮ ਤੋਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਈ। ਬਿਲਾਸਪੁਰ ਜ਼ਿਲ੍ਹੇ ਦਾ ਰਾਏਪੁਰ ਮੈਦਾਨ 130 ਮਿਲੀਮੀਟਰ ਮੀਂਹ ਨਾਲ ਸਭ ਤੋਂ ਵੱਧ ਮੀਂਹ ਵਾਲਾ ਇਲਾਕਾ ਰਿਹਾ। ਇਸ ਤੋਂ ਬਾਅਦ ਮਹਿਰੇ ਵਿੱਚ 90 ਮਿਲੀਮੀਟਰ, ਬਲਦਵਾਰਾ ਵਿੱਚ 62 ਮਿਲੀਮੀਟਰ, ਸੁੰਦਰਨਗਰ ਵਿੱਚ 58.2 ਮਿਲੀਮੀਟਰ, ਊਨਾ ਵਿੱਚ 57.6 ਮਿਲੀਮੀਟਰ ਅਤੇ ਕਸੌਲੀ ਵਿੱਚ 52 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸ਼ਿਮਲਾ ਵਿੱਚ 45.7 ਮਿਲੀਮੀਟਰ, ਭੁੰਤਰ ਵਿੱਚ 40.8 ਮਿਲੀਮੀਟਰ, ਨੇਰੀ ਵਿੱਚ 37.5 ਮਿਲੀਮੀਟਰ, ਸਿਓਬਾਗ ਵਿੱਚ 30.5 ਮਿਲੀਮੀਟਰ ਅਤੇ ਸ਼ਿਲਾਰੂ ਵਿੱਚ 30 ਮਿਲੀਮੀਟਰ ਮੀਂਹ ਪਿਆ। ਸੁੰਦਰਨਗਰ, ਬੈਜਨਾਥ, ਕਾਂਗੜਾ, ਸ਼ਿਮਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਨਾਲ ਬਿਜਲੀ ਵੀ ਲਿਸ਼ਕੀ। ਮੌਸਮ ਵਿਭਾਗ ਅਨੁਸਾਰ ਲਾਹੌਲ ਅਤੇ ਸਪਿਤੀ ਵਿੱਚ ਕੁਕੂਮਸੇਰੀ ਰਾਤ ਨੂੰ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਦਰਜ ਕੀਤਾ। ਇਸੇ ਤਰ੍ਹਾਂ ਊਨਾ ਦਿਨ ਵੇਲੇ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਰਿਹਾ।