Global

ਟਰਾਂਸਫਾਰਮਰ ਨੂੰ ਅੱਗ ਲੱਗਣ ਨਾਲ ਲੰਡਨ ਦੇ ਇਕ ਹਿੱਸੇ ਦੀ ਬਿਜਲੀ ਗੁਲ

ਲੰਡਨ-ਬਰਤਾਨੀਆ ਦਾ ਹੀਥਰੋ ਹਵਾਈ ਅੱਡਾ ਸ਼ੁੱਕਰਵਾਰ ਨੂੰ ਬੰਦ ਰਹੇਗਾ। ਪੱਛਮੀ ਲੰਡਨ ਵਿਚ ਸਬ-ਸਟੇਸ਼ਨ ’ਚ ਲੱਗੀ ਅੱਗ ਮਗਰੋਂ ਲੰਡਨ ਦੇ ਇਕ ਹਿੱਸੇ ਵਿਚ ਬਿਜਲੀ ਗੁਲ ਹੋ ਗਈ। ਇਸ ਹਿੱਸੇ ਵਿਚ ਲੰਡਨ ਦਾ ਹੀਥਰੋ ਹਵਾਈ ਅੱਡਾ ਵੀ ਪੈਂਦਾ ਹੈ। ਬਿਜਲੀ ਬੰਦ ਹੋਣ ਕਰਕੇ ਨਾ ਸਿਰਫ ਹਵਾਈ ਅੱਡੇ ਬਲਕਿ ਹਜ਼ਾਰਾਂ ਘਰਾਂ ਤੇ ਦੁਕਾਨਾਂ ਉੱਤੇ ਵੀ ਇਸ ਦਾ ਅਸਰ ਪਿਆ।

ਪੱਛਮੀ ਲੰਡਨ ਵਿਚ ਬਿਜਲੀ ਸਬ-ਸਟੇਸ਼ਨ ਵਿਚ ਟਰਾਂਸਫਾਰਮਰ ਨੂੰ ਅੱਗ ਲੱਗਣ ਕਰਕੇ ਕਰੀਬ 150 ਲੋਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਣਾ ਪਿਆ। ਹਵਾਈ ਅੱਡੇ ਨੇ ਇਕ ਬਿਆਨ ਵਿਚ ਕਿਹਾ, ‘‘ਆਪਣੇ ਮੁਸਾਫ਼ਰਾਂ ਤੇ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਡੇ ਕੋਲ ਹੀਥਰੋ ਹਵਾਈ ਅੱਡਾ ਸ਼ੁੱਕਰਵਾਰ ਨੂੰ ਪੂਰੇ ਦਿਨ ਲਈ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ।’’ ਬਿਆਨ ਵਿਚ ਅੱਗੇ ਕਿਹਾ ਗਿਆ, ‘‘ਸਾਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੜਿੱਕੇ ਦੀ ਉਮੀਦ ਹੈ, ਅਤੇ ਜਦੋਂ ਤੱਕ ਹਵਾਈ ਅੱਡਾ ਮੁੜ ਨਹੀਂ ਖੁੱਲ੍ਹਦਾ ਯਾਤਰੀ ਇਥੇ ਆਉਣ ਤੋਂ ਪਰਹੇਜ਼ ਕਰਨ।

ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਬੁਝਾਉਣ ਲਈ 10 ਫਾਇਰ ਇੰਜਨ ਤੇ ਅੱਗ ਬੁਝਾਊ ਦਸਤੇ ਦੇ 70 ਮੈਂਬਰ ਮੌਕੇ ’ਤੇ ਮੌਜੂਦ ਹਨ। ਸਹਾਇਕ ਕਮਿਸ਼ਨਰ ਪੈਟ ਗੁਲਬੋਰਨ ਨੇ ਕਿਹਾ, ‘‘ਅੱਗ ਕਰਕੇ ਬਿਜਲੀ ਗੁਲ ਹੋ ਗਈ, ਜਿਸ ਕਰਕੇ ਘਰਾਂ ਵਿਚ ਹਨੇਰਾ ਹੋ ਗਿਆ ਤੇ ਸਥਾਨਕ ਦੁਕਾਨਾਂ ਤੇ ਹੋਰ ਕਾਰੋਬਾਰ ਵੀ ਅਸਰਅੰਦਾਜ਼ ਹੋਏ। ਅਸੀਂ ਬਿਜਲੀ ਮੁੜ ਚਾਲੂ ਕਰਨ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’

ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਤਸਵੀਰਾਂ ਵਿਚ ਸਬ-ਸਟੇਸ਼ਨ ’ਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸਕੌਟਿਸ਼ ਤੇ ਸਾਊਦਰਨ ਇਲੈਕਟ੍ਰੀਸਿਟੀ ਨੈੱਟਵਰਕ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਬਿਜਲੀ ਗੁਲ ਹੋਣ ਨਾਲ 16,300 ਤੋਂ ਵੱਧ ਘਰ ਪ੍ਰਭਾਵਿਤ ਹੋਏ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।