ਨਾਗਪੁਰ ਹਿੰਸਾ: ਮੁੱਖ ਮੁਲਜ਼ਮ ਸਣੇ ਛੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਨਾਗਪੁਰ/ਬਰੇਲੀ/ਕੋਲਕਾਤਾ-ਪੁਲੀਸ ਨੇ ਨਾਗਪੁਰ ਹਿੰਸਾ ਦੇ ਮੁੱਖ ਮੁਲਜ਼ਮ ਫਾਹੀਮ ਖਾਨ ਤੇ ਪੰਜ ਹੋਰਾਂ ਖ਼ਿਲਾਫ਼ ਦੇਸ਼ ਧ੍ਰੋਹ ਤੇ ਸੋਸ਼ਲ ਮੀਡੀਆ ’ਤੇ ਗਲਤ ਸੂਚਨਾ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਤੋਂ ਤਿੰਨ ਦਿਨ ਬਾਅਦ ਅੱਜ ਸ਼ਹਿਰ ਦੇ ਕੁਝ ਹਿੱਸਿਆਂ ’ਚੋਂ ਕਰਫਿਊ ਹਟਾ ਦਿੱਤਾ ਗਿਆ ਹੈ ਜਾਂ ਕਰਫਿਊ ’ਚ ਢਿੱਲ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫਾਹੀਮ ਖਾਨ ਸਮੇਤ ਛੇ ਜਣੇ ਉਨ੍ਹਾਂ 50 ਮੁਲਜ਼ਮਾਂ ’ਚ ਸ਼ਾਮਲ ਹਨ ਜਿਨ੍ਹਾਂ ਖ਼ਿਲਾਫ਼ ਸਾਈਬਰ ਵਿਭਾਗ ਨੇ ਲੰਘੇ ਸੋਮਵਾਰ ਹੋਈ ਹਿੰਸਾ ਦੇ ਸਿਲਸਿਲੇ ’ਚ ਚਾਰ ਐੱਫਆਈਆਰ ਦਰਜ ਕੀਤੀਆਂ ਹਨ। ਡੀਸੀਪੀ (ਸਾਈਬਰ ਅਪਰਾਧ) ਲੋਹਿਤ ਮਤਾਨੀ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਮੰਚਾਂ ’ਤੇ ਫਿਰਕੂ ਹਿੰਸਾ ਭੜਕਾਉਣ ਵਾਲੀਆਂ 140 ਤੋਂ ਵੱਧ ਪੋਸਟਾਂ ਤੇ ਵੀਡੀਓਜ਼ ਦੀ ਪਛਾਣ ਕੀਤੀ ਹੈ ਅਤੇ ਪੁਲੀਸ ਨੇ ਹਿੰਸਾ ਦੀ ਜਾਂਚ ਲਈ 18 ਟੀਮਾਂ ਗਠਿਤ ਕੀਤੀਆਂ ਹਨ। ਇਸੇ ਦੌਰਾਨ ਆਲ ਇੰਡੀਆ ਮੁਸਲਿਮ ਜਮਾਤ ਦਰਗਾਹ ਆਲਾ ਹਜ਼ਰਤ ਦੇ ਕੌਮੀ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਫਿਲਮ ‘ਛਾਵਾ’ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਨੇ ਔਰੰਗਜ਼ੇਬ ਦੇ ਮਕਬਰੇ ਦੁਆਲੇ ਲੋਹੇ ਦੇ ਪੱਤਰੇ ਲਗਾ ਦਿੱਤੇ ਹਨ। ਇਸੇ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਗਪੁਰ ਹਿੰਸਾ ਦੀ ਆਲੋਚਨਾ ਕੀਤੀ ਹੈ।