ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਰਾਇਸੀਨਾ ਡਾਇਲਾਗ ਦਾ ਉਦਘਾਟਨ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਤਿੰਨ ਰੋਜ਼ਾ ‘ਰਾਇਸੀਨਾ ਡਾਇਲਾਗ’ ਦਾ ਉਦਘਾਟਨ ਕਰਨਗੇ। ਇਹ ਭੂ-ਸਿਆਸੀ ਅਤੇ ਭੂ-ਅਰਥਸ਼ਾਸਤਰ ਬਾਰੇ ਭਾਰਤ ਦਾ ਪ੍ਰਮੁੱਖ ਸੰਮੇਲਨ ਹੈ, ਜਿਸ ਵਿੱਚ 125 ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਅਮਰੀਕੀ ਕੌਮੀ ਖੁਫ਼ੀਆ ਡਾਇਰੈਕਟਰ ਤੁਲਸੀ ਗਬਾਰਡ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਇਸ ਸੰਮੇਲਨ ਦੇ 10ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਪਹਿਲੀ ਵਾਰ ਤਾਇਵਾਨ ਦੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਸਣੇ ਇਕ ਵਫ਼ਦ ਦੇ ਇਸ ਸੰਮੇਲਨ ਵਿੱਚ ਹਿੱਸਾ ਲੈਣ ਦੀ ਆਸ ਹੈ। ਇਹ ਪਿਛਲੇ ਕੁਝ ਸਾਲਾਂ ਵਿੱਚ ਦੋਵੇਂ ਧਿਰਾਂ ਵਿਚਾਲੇ ਵਧਦੇ ਸਹਿਯੋਗ ਨੂੰ ਦਰਸਾਉਂਦਾ ਹੈ।