ਮੁਰਮੂ ਪੰਜਾਬ ਦੌਰੇ ਲਈ ਚੰਡੀਗੜ੍ਹ ਪੁੱਜੇ
ਚੰਡੀਗੜ੍ਹ-ਰਾਸ਼ਟਰਪਤੀ ਦਰੋਪਦੀ ਮੁਰਮੂ ਪੰਜਾਬ ਤੇ ਚੰਡੀਗੜ੍ਹ ਦੌਰੇ ਲਈ ਅੱਜ ਚੰਡੀਗੜ੍ਹ ਪੁੱਜ ਗਏ ਹਨ। ਇੱਥੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਮੁਰਮੂ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਪਹੁੰਚੇ, ਜਿੱਥੇ ਉਹ ਦੋ ਦਿਨ ਰਹਿਣਗੇ। ਰਾਸ਼ਟਰਪਤੀ ਮੁਰਮੂ ਮੰਗਲਾਵਰ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੇ ਏਮਸ ਬਠਿੰਡਾ ਦੇ ਕਨਵੋਕੇਸ਼ਨ ਸਮਾਗਮ ’ਚ ਸ਼ਾਮਲ ਹੋਣਗੇ ਤੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ। ਇਸ ਮਗਰੋਂ ਸ਼ਾਮ ਨੂੰ ਉਹ ਮੁਹਾਲੀ ਵਿੱਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸਨਮਾਨ ਲਈ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸੇ ਤਰ੍ਹਾਂ 12 ਮਾਰਚ ਨੂੰ ਉਹ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ। ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਜ਼ਿਕਰਯੋਗ ਹੈ ਕਿ ਅੱਜ ਰਾਸ਼ਟਰਪਤੀ ਮੁਰਮੂ ਹਰਿਆਣਾ ਦੇ ਹਿਸਾਰ ਵਿੱਚ ਸਥਿਤ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰਹਮ ਕੁਮਾਰੀਜ਼, ਹਿਸਾਰ ਦੇ ਗੋਲਡਨ ਜੁਬਲੀ ਸਮਾਗਮ ਮੌਕੇ ‘ਸਮੁੱਚੀ ਭਲਾਈ ਲਈ ਅਧਿਆਤਮਕ ਸਿੱਖਿਆ’ ਮੁਹਿੰਮ ਦੀ ਸ਼ੁਰੂਆਤ ਕੀਤੀ।