National

ਚੀਨ ਦੀ ਮਦਦ ਦੇ ਬਾਵਜੂਦ ਸਰਹੱਦ ਪਾਰ ਸਥਿਤੀ ਬੇਹੱਦ ਮਾੜੀ: ਉਮਰ ਅਬਦੁੱਲਾ

ਜੰਮੂ-ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਨੈਸ਼ਨਲ ਕਾਨਫਰੰਸ ਤੇ ਭਾਜਪਾ ਵਿਧਾਇਕਾਂ ਵਿਚਾਲੇ ਤਲਖੀ ਮਗਰੋਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਕਸ਼ਮੀਰ ਦੇ ਵੰਡੇ ਹੋਏ ਹਿੱਸਿਆਂ ਵਿਚਾਲੇ ਕੋਈ ਤੁਲਨਾ ਨਹੀਂ ਹੈ ਕਿਉਂਕਿ ਪਾਕਿਸਤਾਨ ਨੂੰ ਚੀਨ ਦੀ ਮਦਦ ਮਿਲਣ ਦੇ ਬਾਵਜੂਦ ਸਰਹੱਦ ਪਾਰ ਸਥਿਤੀ ਬਹੁਤ ਖਰਾਬ ਹੈ।

ਅਬਦੁੱਲਾ ਨੇ ਆਖਿਆ ਕਿ ਜੰਮੂ-ਕਸ਼ਮੀਰ ਦਾ ਹਰ ਹਿੱਸਾ ਕਾਫੀ ਵਿਕਸਤ ਹੈ ਹਾਲਾਂਕਿ ‘‘ਅਸੀਂ ਆਪਣੀਆਂ ਸੜਕਾਂ ਬਣਾਉਣ ਲਈ ਚੀਨ, ਅਮਰੀਕਾ, ਇੰਗਲੈਂਡ ਜਾਂ ਫਰਾਂਸ ਤੋਂ ਮਦਦ ਨਹੀਂ ਮੰਗੀ।’’ਮੁੱਖ ਮੰਤਰੀ ਨੇ ਇਹ ਟਿੱਪਣੀ ਵਿਰੋਧੀ ਧਿਰ ਭਾਜਪਾ ਤੇ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਲਈ ਕੀਤੀ ਜਿਨ੍ਹਾਂ ਵਿਚਾਲੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਵਿਕਾਸ ਸਬੰਧੀ ਟਿੱਪਣੀ ਨੂੰ ਲੈ ਕੇ ਤਲਖਕਲਾਮੀ ਹੋਈ ਸੀ।

ਅਬਦੁੱਲਾ ਨੇ ਆਖਿਆ, ‘‘ਸਰਹੱਦ ਪਾਰਲੇ ਇਲਾਕਿਆਂ ’ਚ ਜੋ ਵੀ ਵਿਕਾਸ ਹੋਇਆ ਹੈ, ਉਹ ਚੀਨ ਦੇ ਆਸ਼ੀਰਵਾਦ ਸਦਕਾ ਹੈ।’’ ਪ੍ਰਸ਼ਨ ਕਾਲ ਦੌਰਾਨ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਸੈਫਉੱਲ੍ਹਾ ਮੀਰ ਨੇ ਆਖਿਆ ਕਿ ਇਸ (ਭਾਰਤੀ) ਪਾਸੇ ਦੇ ਮੁਕਾਬਲੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਬੁਨਿਆਦੀ ਢਾਂਚਾ ਬਿਹਤਰ ਹੈ। ਉਨ੍ਹਾਂ ਨੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਅਤੇ ਜੁਮਾਗੁੰਡ ਦੇ ਸਰਹੱਦੀ ਇਲਾਕਿਆਂ ਨਾਲ ਸਾਰੇ ਮੌਸਮਾਂ ’ਚ ਸੰਪਰਕ ਮੁਹੱਈਆ ਕਰਵਾਉਣ ਲਈ ਇੱਕ ਸੁਰੰਗ ਬਣਾਉਣ ਦੀ ਵਕਾਲਤ ਵੀ ਕੀਤੀ। ਭਾਜਪਾ ਦੇ ਵਿਧਾਇਕ ਆਰ.ਐੱਸ. ਪਠਾਨੀਆ ਨੇ ਦੋਵਾਂ ਪਾਸਿਆਂ ਦੀ ਤੁਲਨਾ ਕਰਨ ’ਤੇ ਇਤਰਾਜ਼ ਜਤਾਇਆ। ਜਦਕਿ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਨਜ਼ੀਰ ਗੁਰੇਜ਼ੀ ਤੇ ਪੀਪਲਜ਼ ਕਾਨਫਰੰਸ ਦੇ ਵਿਧਾਇਕ ਸੱਜਾਦ ਗਨੀ ਲੋਨ ਨੇ ਮੀਰ ਦਾ ਬਚਾਅ ਕੀਤਾ। ਉਨ੍ਹਾਂ ਨੇ ਸਥਾਨਕ ਲੋਕਾਂ ਸਾਹਮਣੇ ਦਰਪੇਸ਼ ਚੁਣੌਤੀਆਂ ਨੂੰ ਉਭਾਰਿਆ, ਖਾਸਕਰ ਸਰਦੀਆਂ ਦੌਰਾਨ ਜਦੋਂ ਬਰਫ ਕਾਰਨ ਕਈ ਮਹੀਨੇ ਸੜਕਾਂ ਬੰਦ ਰਹਿੰਦੀਆਂ ਹਨ।

ਸਪੀਕਰ ਅਬਦੁੱਲਾ ਰਹੀਮ ਰਾਠੌੜ ਨੇ ਅਸੈਂਬਲੀ ਦੀ ਕਾਰਵਾਈ ਸੁਚਾਰੂ ਤਰੀਕੇ ਨਾਲ ਚਲਾਉਣ ਦਾ ਭਰੋਸਾ ਦਿੱਤਾ ਪਰ ਬਾਅਦ ’ਚ ਉਨ੍ਹਾਂ ਨੇ ਮੀਰ ਦੀ ਟਿੱਪਣੀ ਦੀ ਨਿਖੇਧੀ ਕੀਤੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਤੋਂ ਸਪੱਸ਼ਟੀਕਰਨ ਮੰਗਿਆ।

ਇਸ ਮਗਰੋਂ ਅਬਦੁੱਲਾ ਨੇ ਕਿਹਾ, ‘‘ਸਰਹੱਦ ਪਾਰ ਜੋ ਕੁਝ ਵੀ ਕੀਤਾ ਗਿਆ ਹੈ, ਉਹ ਦਿਖਾਵਾ ਹੈ ਅਤੇ ਉਹ ਵੀ ਉਨ੍ਹਾਂ (ਪਾਕਿਸਤਾਨ) ਨੇ ਆਪਣੇ ਦਮ ’ਤੇ ਨਹੀਂ ਕੀਤਾ। ਸਰਹੱਦ ਪਾਰਲੇ ਇਲਾਕਿਆਂ ’ਚ ਜੋ ਵੀ ਵਿਕਾਸ ਹੋਇਆ ਹੈ, ਉਹ ਚੀਨ ਦੇ ਆਸ਼ੀਰਵਾਦ ਨਾਲ ਹੋਇਆ ਹੈ, ਜਦਕਿ ਬਾਕੀ ਇਲਾਕਿਆਂ ’ਚ ਕੋਈ ਵਿਕਾਸ ਨਹੀਂ ਹੋਇਆ।’’ ਉਨ੍ਹਾਂ ਕਿਹਾ ਕਿ ਇਹ ਵਿਕਾਸ ਚਰਚਾ ਦਾ ਵਿਸ਼ਾ ਹੋ ਸਕਦਾ ਹੈ ਪਰ ਕੰਟਰੋਲ ਰੇਖਾ ਨੇੜੇ ਰਹਿਣ ਵਾਲੇ ਮੀਰ ਨੇ ਜੋ ਕੁਝ ਦੇਖਿਆ ਹੈ ਉਸ ਨੂੰ ਸਭ ਨਾਲ ਸਾਂਝਾ ਕਰਨ ’ਚ ਕੋਈ ਗਲਤੀ ਨਹੀਂ ਹੈ।