featuredGlobal

ਪਾਕਿਸਤਾਨ: ਲਸ਼ਕਰ ਦੇ ਸਿਖਰਲੇ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ-ਜੰਮੂ ਕਸ਼ਮੀਰ ਵਿੱਚ ਕਈ ਘਾਤਕ ਅਤਿਵਾਦੀ ਹਮਲਿਆਂ ਲਈ ਲੋੜੀਂਦੇ ਲਸ਼ਕਰ-ਏ-ਤੋਇਬਾ ਦੇ ਸਿਖਰਲੇ ਕਮਾਂਡਰ ਦੀ ਪਾਕਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਗੁਆਂਢੀ ਦੇਸ਼ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਅੱਜ ਦੱਸਿਆ ਕਿ ਪੰਜਾਬ ਸੂਬੇ ਦੇ ਜੇਹਲਮ ਇਲਾਕੇ ਵਿੱਚ ਜ਼ਿਆ-ਉਰ-ਰਹਿਮਾਨ ਉਰਫ ਨਦੀਮ ਉਰਫ ਅਬੂ ਕਤਾਲ ਉਰਫ ਕਤਾਲ ਸਿੰਧੀ ( Zia-ur-Rehman, alias Abu Qatal) ਦੀ ਸ਼ਨਿਚਰਵਾਰ ਸ਼ਾਮ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੰਦੂਕਧਾਰੀਆਂ ਨੇ ਰਹਿਮਾਨ ਦੇ ਸੁਰੱਖਿਆ ਗਾਰਡ ਦੀ ਵੀ ਹੱਤਿਆ ਕਰ ਦਿੱਤੀ। ਰਹਿਮਾਨ ਨੂੰ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦਾ ਭਰੋਸੇਮੰਦ ਸਹਿਯੋਗੀ ਮੰਨਿਆ ਜਾਂਦਾ ਸੀ।

ਉਹ ਜੰਮੂ-ਕਸ਼ਮੀਰ ਦੇ ਪੁਣਛ-ਰਾਜੌਰੀ ਇਲਾਕੇ ਵਿੱਚ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਅਧਿਕਾਰੀਆਂ ਅਨੁਸਾਰ ਰਹਿਮਾਨ ਨੇ ਸਾਲ 2000 ਦੇ ਸ਼ੁਰੂ ਵਿੱਚ ਜੰਮੂ ਖੇਤਰ ਵਿੱਚ ਘੁਸਪੈਠ ਕੀਤੀ ਸੀ ਅਤੇ 2005 ਵਿੱਚ ਪਾਕਿਸਤਾਨ ਪਰਤ ਗਿਆ ਸੀ। ਉਸ ਕੋਲ ਪੁਣਛ ਅਤੇ ਰਾਜੌਰੀ ਵਿੱਚ ਅਤਿਵਾਦੀਆਂ ਦੇ ਸਹਿਯੋਗੀਆਂ ਦਾ ਮਜ਼ਬੂਤ ​​ਨੈੱਟਵਰਕ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਜਾਂਚ ਵਿੱਚ ਰਹਿਮਾਨ ਦੇ ਕਈ ਅਤਿਵਾਦੀ ਘਟਨਾਵਾਂ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਸੀ। ਕੇਂਦਰੀ ਏਜੰਸੀ ਨੇ ਸਾਲ 2023 ਵਿੱਚ ਰਾਜੌਰੀ ਦੇ ਡਾਂਗਰੀ ਪਿੰਡ ਵਿੱਚ ਹਿੰਦੂ ਘੱਟ ਗਿਣਤੀਆਂ ’ਤੇ ਹੋਏ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਉਸ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ।

ਡਾਂਗਰੀ ਪਿੰਡ ਵਿੱਚ ਅਤਿਵਾਦੀਆਂ ਨੇ ਪਹਿਲੀ ਜਨਵਰੀ 2023 ਨੂੰ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਪੰਜ ਜਣਿਆਂ ਦੀ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਮੌਕੇ ’ਤੇ ਇੱਕ ਬਾਰੂਦੀ ਸੁਰੰਗ (ਆਈਈਡੀ) ਵੀ ਵਿਛਾਈ ਸੀ, ਜਿਸ ਦੀ ਚਪੇਟ ਵਿੱਚ ਆ ਕੇ ਅਗਲੇ ਦਿਨ ਦੋ ਹੋਰ ਦੀ ਮੌਤ ਹੋ ਗਈ ਸੀ, ਜਦੋਂਕਿ 14 ਜਣੇ ਜ਼ਖ਼ਮੀ ਹੋ ਗਏ। ਰਹਿਮਾਨ ਨੂੰ 9 ਜੂਨ 2024 ਨੂੰ ਸ਼ਿਵ ਖੋੜੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ’ਤੇ ਹੋਏ ਹਮਲੇ ਦਾ ਸਾਜ਼ਿਸ਼ਘਾੜਾ ਵੀ ਮੰਨਿਆ ਜਾਂਦਾ ਸੀ। ਇਸ ਹਮਲੇ ਵਿੱਚ ਨੌਂ ਤੀਰਥਯਾਤਰੀ ਮਾਰੇ ਗਏ ਸਨ, ਜਦੋਂਕਿ 41 ਹੋਰ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਅਨੁਸਾਰ, ਰਹਿਮਾਨ 20 ਅਪਰੈਲ 2023 ਨੂੰ ਭੱਟਾ-ਦੁਰੀਅਨ ਵਿੱਚ ਹੋਏ ਹਮਲੇ ਵਿੱਚ ਵੀ ਸ਼ਾਮਲ ਸੀ, ਜਿਸ ਵਿੱਚ ਪੰਜ ਭਾਰਤੀ ਫੌਜੀ ਸ਼ਹੀਦ ਹੋ ਗਏ ਸਨ।

ਇਸ ਤੋਂ ਇਲਾਵਾ 5 ਮਈ 2023 ਨੂੰ ਕੰਢੀ ਖੇਤਰ ਵਿੱਚ 9 ਪੈਰਾ ਸਪੈਸ਼ਲ ਫੋਰਸ ’ਤੇ ਹੋਏ ਹਮਲੇ ਪਿੱਛੇ ਵੀ ਉਸ ਦਾ ਹੱਥ ਸੀ ਜਿਸ ਵਿੱਚ ਪੰਜ ਜਵਾਨਾਂ ਦੀ ਜਾਨ ਜਾਂਦੀ ਰਹੀ ਸੀ। ਅਧਿਕਾਰੀਆਂ ਅਨੁਸਾਰ ਰਹਿਮਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਕੋਟਲੀ ਜ਼ਿਲ੍ਹੇ ਵਿੱਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਦੀ ਘੁਸਪੈਠ ਦੀ ਯੋਜਨਾ ਬਣਾਉਣ ਦੀ ਜ਼ਿੰਮੇਵਾਰ ਸੰਭਾਲ ਰਿਹਾ ਸੀ। ਉਹ ਸਈਦ ਦੇ ਸਭ ਤੋਂ ਭਰੋਸੇਮੰਦ ਲੋਕਾਂ ਵਿੱਚ ਸ਼ਾਮਲ ਸੀ। ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਦਰਜਨ ਤੋਂ ਵੱਧ ਅਤਿਵਾਦੀਆਂ ਦੀ ਹੱਤਿਆ ਕੀਤੀ ਹੈ।