ਮੁਹਾਲੀ ‘ਚ ਅੱਤਵਾਦੀ ਰਿੰਦਾਂ ਦੇ 3 ਸਾਥੀ ਗ੍ਰਿਫ਼ਤਾਰ
ਐੱਸ ਏ ਐੱਸ ਨਗਰ- ਪੰਜਾਬ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਨੇ ਪਾਕਿਸਤਾਨ ਵਿਚ ਬੈਠੇ ਆਈ.ਐੱਸ.ਆਈ. ਅੱਤਵਾਦੀ ਹਰਵਿੰਦਰ ਸਿੰਘ ਰਿੰਦਾਂ ਦੇ ਨੈੱਟਵਰਕ ਨੂੰ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਦੋ ਮਹਾਰਾਸ਼ਟਰ ਦੇ ਅਤੇ ਇੱਕ ਰੂਪਨਗਰ ਦਾ ਰਹਿਣ ਵਾਲਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਨਿਵਾਸੀ ਨਾਂਦੇੜ ਮਹਾਰਾਸ਼ਟਰ, ਸ਼ੁਭਮ ਖੇਲਬੁਡੇ ਨਿਵਾਸੀ ਨਾਂਦੇੜ ਮਹਾਰਾਸ਼ਟਰ, ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਨਿਵਾਸੀ ਰਾਏਪੁਰ, ਥਾਣਾ ਨੂਰਪੁਰ ਬੇਦੀ, ਰੂਪਨਗਰ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਪੰਪ ਐਕਸ਼ਨ ਗਨ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ। ਜਲਦੀ ਹੀ ਪੁਲਿਸ ਤਿੰਨਾਂ ਦੋਸ਼ੀਆਂ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਐੱਸ.ਐੱਸ.ਓ.ਸੀ. ਮੋਹਾਲੀ ਨੇ ਪਾਕਿਸਤਾਨ ਸਥਿਤ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾਂ ਦੇ ਨੈੱਟਵਰਕ ਖ਼ਿਲਾਫ਼ ਮਹੱਤਵਪੂਰਨ ਕਾਮਯਾਬੀ ਮਿਲੀ ਹੈ । ਜਿਸ ਵਿਚ ਇੱਕ ਸੰਗਠਿਤ ਅੱਤਵਾਦ ਅਤੇ ਅਪਰਾਧੀ ਸਿੰਡੀਕੇਟ ਨੂੰ ਨਸ਼ਟ ਕੀਤਾ ਗਿਆ ਹੈ, ਜੋ ਵੱਖ-ਵੱਖ ਰਾਜਾਂ ਵਿਚ ਫੈਲਿਆ ਹੋਇਆ ਸੀ ਅਤੇ ਜਿਸ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਅੱਤਵਾਦੀ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਉਰਫ਼ ਜੱਗੀ ਨੇ 10 ਫਰਵਰੀ ਨੂੰ ਨਾਂਦੇੜ ਵਿਚ ਹੋਈ ਇੱਕ ਹੱਤਿਆ ਵਿਚ ਸ਼ੂਦਰਾਂ ਨੂੰ ਰਸਦ, ਸੁਰੱਖਿਅਤ ਪਨਾਹਗਾਹ ਅਤੇ ਸਹਿਯੋਗ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਜਿਸ ਦੀ ਸਾਜ਼ਿਸ਼ ਸਰਹੱਦ ਪਾਰ ਰਿੰਦਾਂ ਨੇ ਰਚੀ ਸੀ।
ਜਾਂਚ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਦੀ ਭੂਮਿਕਾ ਦਾ ਵੀ ਪਤਾ ਲੱਗਾ ਹੈ, ਜੋ ਰਿੰਦਾਂ ਦਾ ਪੁਰਾਣਾ ਸਾਥੀ ਹੈ, ਜਿਸ ਨੇ ਦੋਸ਼ੀਆਂ ਲਈ ਪੰਜਾਬ ਵਿਚ ਸੁਰੱਖਿਅਤ ਪਨਾਹਗਾਹਾਂ ਦੀ ਵਿਵਸਥਾ ਕੀਤੀ ਸੀ। ਪੁਲਿਸ ਨੇ ਗ੍ਰਿਫਤਾਰ ਮੁਲਜ਼ਮਾ ਕੋਲੋਂ ਇੱਕ 32 ਬੋਰ ਦੀ ਪਿਸਤੌਲ, 8 ਜ਼ਿੰਦਾ ਕਾਰਤੂਸ, ਇੱਕ 12 ਬੋਰ ਦੀ ਪੰਪ ਐਕਸ਼ਨ ਗਨ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।