ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜਿੱਤ ਮਗਰੋਂ ਹਿੰਸਾ
ਮਹੂ/ਇੰਦੌਰ-ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀ ਰੈਲੀ ’ਤੇ ਪਥਰਾਅ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮਹੂ ਸ਼ਹਿਰ ’ਚ ਹੋਈਆਂ ਝੜਪਾਂ ਦੇ ਸਬੰਧ ਵਿੱਚ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਦੌਰ ਦੇ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਲੰਘੀ ਦੇਰ ਰਾਤ ਹੋਈਆਂ ਝੜਪਾਂ ’ਚ ਚਾਰ ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਅਨੁਸਾਰ ਇੰਦੌਰ ਦੇ ਵੱਖ ਵੱਖ ਇਲਾਕਿਆਂ ’ਚ ਹਿੰਸਾ ਦੀਆਂ ਪੰਜ ਘਟਨਾਵਾਂ ਵਾਪਰੀਆਂ ਤੇ ਕਈ ਦੋ-ਪਹੀਆ ਵਾਹਨ ਸਾੜੇ ਗਏ ਤੇ ਭੰਨਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹੁਣ ਤੱਕ ਮਹੂ ਸ਼ਹਿਰ ’ਚ ਅੱਗਜ਼ਨੀ ਤੇ ਹਿੰਸਾ ’ਚ ਸ਼ਾਮਲ ਹੋਣ ਦੇ ਦੋਸ਼ ਹੇਠ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸਬੇ ’ਚ ਸਥਿਤੀ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਹਿੰਸਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪੁੱਜੇ ਦੇ ਸਥਿਤੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰਕੇ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕੁਝ ਖ਼ਿਲਾਫ਼ ਐੱਨਐੱਸਏ ਤਹਿਤ ਕਾਰਵਾਈ ਕੀਤੀ ਜਾਵੇਗੀ।
ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ’ਚ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਹਿੰਸਾ ਭੜਕ ਗਈ ਜਿਸ ਮਗਰੋਂ ਘੱਟ ਤੋਂ ਘੱਟ 11 ਜਣਿਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਲੰਘੀ ਰਾਤ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜਿੱਤ ਮਗਰੋਂ ਦੇਹਗਾਮ ਕਸਬੇ ’ਚ ਕੁਝ ਲੋਕਾਂ ਨੇ ਮੋਟਰਸਾਈਕਲ ਰੈਲੀ ਕੀਤੀ। ਇਸ ’ਤੇ ਮਸਜਿਦ ’ਚ ਬੈਠੇ ਲੋਕਾਂ ਨੇ ਕਥਿਤ ਤੌਰ ’ਤੇ ਇਤਰਾਜ਼ ਜਤਾਇਆ ਤੇ ਡਾਂਗਾਂ ਨਾਲ ਮੋਟਰਸਾਈਕਲ ਸਵਾਰਾਂ ’ਤੇ ਹਮਲਾ ਕੀਤਾ। ਕੁਝ ਲੋਕਾਂ ਦੇ ਮੋਟਰਸਾਈਕਲ ਮੌਕੇ ’ਤੇ ਰਹਿ ਗਏ ਜਿਨ੍ਹਾਂ ਦੀ ਹਮਲਾਵਰਾਂ ਨੇ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ 11 ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।