National

ਤਿਲੰਗਾਨਾ: ਖੋਜੀ ਕੁੱਤਿਆਂ ਦੀ ਮਦਦ ਨਾਲ ਕੀਤੀ ਜਾਵੇਗੀ ਲੋਕਾਂ ਦੀ ਭਾਲ

ਨਾਗਰਕੁਰਨੂਲ-ਤਿਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ’ਚ ਸ੍ਰੀਸੇਲਮ ਲੈਫਟ ਬੈਂਕ ਕੈਨਾਲ (ਐੱਸਐੱਲਬੀਸੀ) ਸੁਰੰਗ ਦਾ ਨਿਰਮਾਣ ਅਧੀਨ ਹਿੱਸਾ ਢਹਿਣ ਕਾਰਨ ਪਿਛਲੇ ਪੰਜ ਦਿਨ ਤੋਂ ਉਸ ਅੰਦਰ ਫਸੇ ਅੱਠ ਵਿਅਕਤੀਆਂ ਦੀ ਪਤਾ ਲਾਉਣ ਲਈ ਬਚਾਅ ਕਰਮੀ ਖੋਜੀ ਕੁੱਤਿਆਂ ਦੀ ਮਦਦ ਲੈਣ ਦੀ ਯੋਜਨਾ ਬਣਾ ਰਹੇ ਹਨ। ਜ਼ਿਲ੍ਹਾ ਅਧਿਕਾਰੀ ਬੀ ਸੰਤੋਸ਼ ਨੇ ਅੱਜ ਇਹ ਜਾਣਕਾਰੀ ਦਿੱਤੀ।

ਸੰਤੋਸ਼ ਨੇ ਦੱਸਿਆ ਕਿ ਸੁਰੰਗ ਅੰਦਰ ਚਿੱਕੜ ਤੇ ਮਲਬਾ ਜੰਮਣ ਲੱਗਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐੱਨਜੀਆਰਆਈ) ਵੱਲੋਂ ਅੱਜ ਜ਼ਮੀਨ ਦੀ ਸਥਿਰਤਾ ਸਮੇਤ ਹੋਰ ਮੁੱਦਿਆਂ ’ਤੇ ਆਪਣੀ ਰਾਏ ਦੇਣ ਦੀ ਉਮੀਦ ਹੈ ਜਿਸ ਦੇ ਆਧਾਰ ’ਤੇ ਅਗਲੀ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਸੰਤੋਸ਼ ਅਨੁਸਾਰ ਬਚਾਅ ਕਰਮੀਆਂ ਤੇ ਮਾਹਿਰਾਂ ਦੀ ਇੱਕ ਟੀਮ ਮੱਛੀ ਫੜਨ ਵਾਲੀ ਹਲਕੀ ਕਿਸ਼ਤੀ ’ਤੇ ਸੁਰੰਗ ਦੇ ਆਖਰੀ ਸਿਰੇ ਤੱਕ ਪਹੁੰਚ ਕੇ ਵਾਪਸ ਆਉਣ ਵਿੱਚ ਕਾਮਯਾਬ ਰਹੀ ਪਰ ਅੰਦਰ ਫਸੇ ਲੋਕਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ। ਉਨ੍ਹਾਂ ਦੱਸਿਆ, ‘ਸ਼ੁਰੂਆਤ ਵਿੱਚ ਹਾਦਸੇ ਵਾਲੀ ਥਾਂ ਤੋਂ 40 ਮੀਟਰ ਪਹਿਲਾਂ ਤੱਕ ਹੀ ਪਹੁੰਚਿਆ ਜਾ ਸਕਦਾ ਸੀ ਕਿਉਂਕਿ ਉੱਥੇ ਚਿੱਕੜ ਸੀ ਪਰ ਹੁਣ ਜ਼ਿਆਦਾਤਰ ਥਾਵਾਂ ’ਤੇ ਚਿੱਕੜ ਜੰਮ ਗਿਆ ਹੈ। ਇਸ ਲਈ ਟੀਮ ਹਾਦਸੇ ਵਾਲੀ ਥਾਂ ਤੱਕ ਪਹੁੰਚ ਸਕਦੀ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇੱਕ ਖੋਜੀ ਕੁੱਤਾ ਹੈ। ਉਹ ਉਸ ਨੂੰ ਅੰਦਰ ਲਿਜਾਣਗੇ ਤੇ ਉਸ ਦੀ ਮਦਦ ਨਾਲ ਫਸੇ ਹੋਏ ਲੋਕਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੰਗ ’ਚ ਫਸੇ ਲੋਕਾਂ ਨੂੰ ਬਚਾਉਣਾ ਪ੍ਰਸ਼ਾਸਨ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੰਘੀ ਰਾਤ ਹਾਦਸੇ ਵਾਲੀ ਥਾਂ ’ਤੇ ਪੁੱਜੀ ਟੀਮ ਨੇ ਫਸੇ ਹੋਏ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ।

ਐੱਸਐੱਲਬੀਸੀ ਪ੍ਰਾਜੈਕਟ ਦਾ ਹਿੱਸਾ ਰਹੇ ‘ਜੇਪੀ ਗਰੁੱਪ’ ਦੇ ਬਾਨੀ ਚੇਅਰਮੈਨ ਜੈਪ੍ਰਕਾਸ਼ ਗੌੜ ਨੇ ਸੁਰੰਗ ਦੇ ਨਿਰਮਾਣ ਅਧੀਨ ਇੱਕ ਹਿੱਸੇ ਦੇ ਢਹਿਣ ਦੀ ਘਟਨਾ ਬਾਰੇ ਅੱਜ ਕਿਹਾ ਕਿ ਮੁਸ਼ਕਿਲ ਕੰਮਾਂ ’ਚ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜੇਪੀ ਗਰੁੱਪ ਦੀ ਪ੍ਰਮੁੱਖ ਕੰਪਨੀ ‘ਜੈਪ੍ਰਕਾਸ਼ ਐਸੋਸੀਏਟ ਲਿਮਿਟਡ’ ਨੂੰ ਸੁਰੰਗ ਦੀ ਖੁਦਾਈ ਦਾ ਠੇਕਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਟੀਮ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ।