ਮੁੱਖ ਮੰਤਰੀ ਵੱਲੋਂ 15 ਹੜਤਾਲੀ ਮਾਲ ਅਫ਼ਸਰ ਮੁਅੱਤਲ
ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜਤਾਲੀ ਤਹਿਸੀਲਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 15 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸੁਨੇਹਾ ਦਿੱਤਾ ਕਿ ਸੂਬਾ ਸਰਕਾਰ ਵੱਢੀਖੋਰੀ ਦੇ ਇਲਜ਼ਾਮਾਂ ’ਚ ਘਿਰੇ ਭ੍ਰਿਸ਼ਟ ਅਫ਼ਸਰਾਂ ਅੱਗੇ ਝੁਕੇਗੀ ਨਹੀਂ ਅਤੇ ਦੇਰ ਸ਼ਾਮ ਪੰਜਾਬ ਸਰਕਾਰ ਨੇ ਵੱਡੀ ਪੱਧਰ ’ਤੇ ਮਾਲ ਅਫ਼ਸਰਾਂ ’ਤੇ ਦੂਰ ਦੁਰਾਡੇ ਤਬਾਦਲੇ ਕਰ ਦਿੱਤੇ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੂਜਾ ਮੌਕਾ ਹੈ ਕਿ ਜਦੋਂ ਸਰਕਾਰ ਨੇ ਮਾਲ ਅਫ਼ਸਰਾਂ ਨੂੰ ਆੜੇ ਹੱਥੀਂ ਲਿਆ ਹੈ। ਜਨਵਰੀ 2023 ’ਚ ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ ਅਤੇ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਅੰਦੋਲਨ ਵਿੱਢਿਆ ਸੀ, ਜਿਸ ਮਗਰੋਂ ਮੁੱਖ ਮੰਤਰੀ ਨੇ ਅਲਟੀਮੇਟਮ ਦਿੱਤਾ ਸੀ। ਚਿਤਾਵਨੀ ਪਿੱਛੋਂ ਅਧਿਕਾਰੀ ਡਿਊਟੀ ’ਤੇ ਪਰਤ ਆਏ ਸਨ। ਪੰਜਾਬ ਵਿੱਚ 181 ਸਬ-ਰਜਿਸਟਰਾਰ ਦਫ਼ਤਰ ਹਨ, ਜਦਕਿ 250 ਦੇ ਕਰੀਬ ਮਾਲ ਅਫ਼ਸਰ ਹਨ। ਪੰਜਾਬ ਸਰਕਾਰ ਨੇ ਪਹਿਲਾਂ ਅੱਜ ਤਹਿਸੀਲਾਂ ’ਚ ਰਜਿਸਟਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਅਤੇ ਉਸ ਮਗਰੋਂ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਪੰਜਾਬ ਦੇ ਹੜਤਾਲੀ ਮਾਲ ਅਫ਼ਸਰਾਂ ਨੂੰ ਚਿਤਾਵਨੀ ਪੱਤਰ ਜਾਰੀ ਕੀਤਾ ਕਿ ਉਹ ਸ਼ਾਮ ਦੇ ਪੰਜ ਵਜੇ ਤੱਕ ਡਿਊਟੀ ’ਤੇ ਪਰਤਣ ਜਾਂ ਫਿਰ ਉਹ ਮੁਅੱਤਲੀ ਲਈ ਤਿਆਰ ਰਹਿਣ। ਅੱਜ ਸਵੇਰੇ ਮੁੱਖ ਮੰਤਰੀ ਨੇ ਤਹਿਸੀਲਾਂ ’ਚ ਬਦਲਵੇਂ ਪ੍ਰਬੰਧ ਕਰਨ ਲਈ ਹਰੀ ਝੰਡੀ ਦਿੱਤੀ, ਜਿਸ ਮਗਰੋਂ ਸਮੁੱਚੇ ਪੰਜਾਬ ਦੀਆਂ ਤਹਿਸੀਲਾਂ ’ਚ ਪੀਸੀਐੱਸ ਅਫ਼ਸਰਾਂ, ਕਾਨੂੰਨਗੋ ਅਤੇ ਸੀਨੀਅਰ ਸਹਾਇਕਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ। ਪਤਾ ਲੱਗਿਆ ਹੈ ਕਿ ਅੱਜ ਕਰੀਬ 900 ਰਜਿਸਟਰੀਆਂ ਲਈ ਲੋਕਾਂ ਨੇ ਆਨਲਾਈਨ ਤਰੀਕ ਲਈ ਹੋਈ ਸੀ। ਵਧੀਕ ਮੁੱਖ ਸਕੱਤਰ (ਮਾਲ) ਨੇ ਅੱਜ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜਿੱਥੇ ਜਿੱਥੇ ਸਬ ਰਜਿਸਟਰ/ਜੁਆਇੰਟ ਸਬ ਰਜਿਸਟਰਾਰ ਹੜਤਾਲ, ਸਮੂਹਿਕ ਛੁੱਟੀ ਜਾਂ ਹੋਰਨਾਂ ਕਾਰਨਾਂ ਕਰਕੇ ਗ਼ੈਰਹਾਜ਼ਰ ਹਨ, ਉੱਥੇ ਸਬ ਰਜਿਸਟਰਾਰ ਦਾ ਚਾਰਜ ਪੀਸੀਐੱਸ ਅਫ਼ਸਰਾਂ ਤੋਂ ਇਲਾਵਾ ਕਾਨੂੰਨਗੋਆਂ ਤੇ ਸੀਨੀਅਰ ਸਹਾਇਕਾਂ ਨੂੰ ਦੇ ਦਿੱਤਾ ਜਾਵੇ ਜਿਨ੍ਹਾਂ ਵੱਲੋਂ ਨਾਇਬ ਤਹਿਸੀਲਦਾਰ ਦੀ ਤਰੱਕੀ ਵਾਲੀ ਵਿਭਾਗੀ ਪ੍ਰੀਖਿਆ ਪਹਿਲਾਂ ਹੀ ਪਾਸ ਕੀਤੀ ਹੋਈ ਹੈ। ਅੱਜ ਜ਼ਿਲ੍ਹਿਆਂ ਵਿਚ ਫ਼ੌਰੀ ਇਨ੍ਹਾਂ ਹੁਕਮਾਂ ਨੂੰ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸੇ ਦੌਰਾਨ ਚਿਤਾਵਨੀ ਪੱਤਰ ਜਾਰੀ ਕੀਤਾ ਕਿ ਜੇ ਹੜਤਾਲੀ ਤਹਿਸੀਲਦਾਰ ਸ਼ਾਮ ਪੰਜ ਵਜੇ ਤੱਕ ਡਿਊਟੀ ’ਤੇ ਨਾ ਪਰਤੇ ਤਾਂ ਉਨ੍ਹਾਂ ਦੀ ਮੁਅੱਤਲੀ ਹੋਵੇਗੀ ਅਤੇ ਇਸ ਨੂੰ ਸਰਵਿਸ ਵਿਚ ਬਰੇਕ ਵਜੋਂ ਅੰਕਿਤ ਕੀਤਾ ਜਾਵੇਗਾ। ਜੋ ਅਧਿਕਾਰੀ ਪ੍ਰੋਬੇਸ਼ਨ ਪੀਰੀਅਡ ’ਤੇ ਚੱਲ ਰਹੇ ਹਨ, ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਤਹਿਸੀਲਾਂ ਵਿਚ ਅੱਜ ਬਦਲਵੇਂ ਪ੍ਰਬੰਧ ਕੀਤੇ ਸਨ। ਮੁੱਖ ਮੰਤਰੀ ਨੇ ਅੱਜ ਬਨੂੜ, ਖਰੜ ਅਤੇ ਜ਼ੀਰਕਪੁਰ ਦੀਆਂ ਤਹਿਸੀਲਾਂ ਦਾ ਦੌਰਾ ਕਰਕੇ ਨਵੇਂ ਕੀਤੇ ਬਦਲਵੇਂ ਪ੍ਰਬੰਧਾਂ ਦਾ ਖ਼ੁਦ ਜਾਇਜ਼ਾ ਲਿਆ।
ਪੰਜਾਬ ਮਾਲ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲਛਮਣ ਸਿੰਘ ਦਾ ਕਹਿਣਾ ਸੀ ਕਿ ਅੱਜ ਸਾਰੇ ਮਾਲ ਅਫ਼ਸਰ 9 ਤੋਂ 5 ਵਜੇ ਤੱਕ ਡਿਊਟੀ ’ਤੇ ਹਾਜ਼ਰ ਰਹੇ ਹਨ ਤੇ ਸਿਰਫ਼ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਮਾਲ ਅਫ਼ਸਰ ਭ੍ਰਿਸ਼ਟ ਨਹੀਂ ਹਨ ਅਤੇ ਸਰਕਾਰ ਫੋਕੀ ਸ਼ੋਹਰਤ ਲਈ ਬਿਨਾਂ ਗੱਲ ਤੋਂ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿਰਫ਼ ਪੰਜ ਫ਼ੀਸਦੀ ਹੀ ਰਜਿਸਟ੍ਰੇਸ਼ਨ ਦਾ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਤਬਾਦਲੇ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਉਂਦੇ ਦਿਨਾਂ ਵਿੱਚ ਨਵੇਂ ਤਹਿਸੀਲਦਾਰ ਤੇ ਮਾਲ ਅਧਿਕਾਰੀ ਭਰਤੀ ਕਰੇਗੀ ਜਿਸ ਲਈ ਕੈਬਨਿਟ ਵਿੱਚ ਏਜੰਡਾ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟ ਅਫ਼ਸਰਾਂ ਅੱਗੇ ਝੁਕੇਗੀ ਨਹੀਂ। ਉਨ੍ਹਾਂ ਕਿਹਾ ਕਿ ਸਮੂਹਿਕ ਛੁੱਟੀ ਉੱਤੇ ਗਏ ਅਧਿਕਾਰੀ ਭ੍ਰਿਸ਼ਟਾਚਾਰ ਲਈ ਲਾਇਸੈਂਸ ਮੰਗ ਰਹੇ ਹਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬਾਂਹ ਮਰੋੜਨ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਅੱਗੇ ਝੁਕਾਂਗੇ ਨਹੀਂ ਅਤੇ ਇਨ੍ਹਾਂ ਭ੍ਰਿਸ਼ਟ ਤੇ ਘਮੰਡੀ ਅਫ਼ਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ।
ਵਧੀਕ ਮੁੱਖ ਸਕੱਤਰ (ਮਾਲ) ਵੱਲੋਂ ਜਾਰੀ ਹੁਕਮਾਂ ਅਨੁਸਾਰ ਸੱਤ ਤਹਿਸੀਲਦਾਰ ਅਤੇ ਅੱਠ ਨਾਇਬ ਤਹਿਸੀਲਦਾਰ ਮੁਅੱਤਲ ਕੀਤੇ ਗਏ ਹਨ। ਜ਼ਿਲ੍ਹਾ ਮੋਗਾ ’ਚ ਬਾਘਾਪੁਰਾਣਾ ਦੇ ਤਹਿਸੀਲਦਾਰ ਗੁਰਮੁਖ ਸਿੰਘ ਤੇ ਨਾਇਬ ਤਹਿਸੀਲਦਾਰ ਭੀਮ ਸੈਨ, ਸਮਾਲਸਰ ਦੇ ਅਮਰਪ੍ਰੀਤ ਸਿੰਘ, ਧਰਮਕੋਟ ਦੇ ਰਮੇਸ਼ ਢੀਂਗਰਾ, ਬੱਧਨੀ ਕਲਾਂ ਦੇ ਹਮੀਸ਼ ਕੁਮਾਰ ਅਤੇ ਨਿਹਾਲ ਸਿੰਘ ਵਾਲਾ ਦੇ ਸੁਖਵਿੰਦਰ ਸਿੰਘ (ਸਾਰੇ ਨਾਇਬ ਤਹਿਸੀਲਦਾਰ), ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੇ ਤਹਿਸੀਲਦਾਰ ਰਜਿੰਦਰ ਸਿੰਘ ਤੇ ਫ਼ਿਰੋਜ਼ਪੁਰ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ, ਪੱਟੀ ਦੇ ਤਹਿਸੀਲਦਾਰ ਲਛੱਮਣ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਰੀਵਾਲਾ ਦੇ ਤਹਿਸੀਲਦਾਰ ਪਰਮਿੰਦਰ ਸਿੰਘ, ਮਲੋਟ ਦੇ ਤਹਿਸੀਲਦਾਰ ਜਤਿੰਦਰ ਪਾਲ ਸਿੰਘ, ਗਿੱਦੜਬਾਹਾ ਦੇ ਤਹਿਸੀਲਦਾਰ ਕੰਵਲਦੀਪ ਸਿੰਘ ਤੋਂ ਇਲਾਵਾ ਮੁਕਤਸਰ ਦੇ ਰਣਜੀਤ ਸਿੰਘ ਖੈਰਾ, ਗਿੱਦੜਬਾਹਾ ਦੇ ਅੰਮ੍ਰਿਤਾ ਅਗਰਵਾਲ ਅਤੇ ਦੋਦਾ ਦੇ ਬਲਵਿੰਦਰ ਸਿੰਘ (ਸਾਰੇ ਨਾਇਬ ਤਹਿਸੀਲਦਾਰ) ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।