National

ਆਈਐਸਆਈ ਨਾਲ ਸਬੰਧ ਰੱਖਣ ਵਾਲਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਅਤਿਵਾਦੀ ਕਾਬੂ

ਲਖਨਊ-ਉੱਤਰ ਪ੍ਰਦੇਸ਼ ਐੱਸਟੀਐਫ ਅਤੇ ਪੰਜਾਬ ਪੁਲੀਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਵੀਰਵਾਰ ਤੜਕੇ ਪਾਕਿਸਤਾਨ ਦੀ ਆਈਐਸਆਈ ਨਾਲ ਕਥਿਤ ਸਬੰਧਾਂ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਇੱਕ ਸਰਗਰਮ ਅਤਿਵਾਦੀ ਨੂੰ ਕੌਸ਼ਾਂਬੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਕੁਰਲਾਂ ’ਚ ਰਹਿਣ ਵਾਲੇ ਸ਼ੱਕੀ ਅਤਿਵਾਦੀ ਲਾਜਰ ਮਸੀਹ ਨੂੰ ਤੜਕੇ 3.20 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ।

ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਯੂਪੀ ਸਪੈਸ਼ਲ ਟਾਸਕ ਫੋਰਸ, ਲਾਅ ਐਂਡ ਆਰਡਰ) ਅਮਿਤਾਭ ਯਸ਼ ਨੇ ਦੱਸਿਆ ਕਿ ਇਹ ਕਾਰਵਾਈ ਕੌਸ਼ਾਂਬੀ ਦੇ ਕੋਖਰਾਜ ਥਾਣਾ ਖੇਤਰ ਵਿੱਚ ਕੀਤੀ ਗਈ ਸੀ। ਯਸ਼ ਨੇ ਕਿਹਾ, “ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਅਤਿਵਾਦੀ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਹੈ, ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਜਰਮਨੀ ਸਥਿਤ ਮਾਡਿਊਲ ਦਾ ਮੁਖੀ ਹੈ ਅਤੇ ਉਹ ਪਾਕਿਸਤਾਨ ਸਥਿਤ ਆਈਐੱਸਆਈ ਦੇ ਕਾਰਕੁਨਾਂ ਨਾਲ ਸਿੱਧੇ ਸੰਪਰਕ ਵਿੱਚ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਯੂਪੀ ਐੱਸਟੀਐੱਫ ਨੇ ਅਤਿਵਾਦੀ ਤੋਂ ਕੁਝ ਵਿਸਫੋਟਕ ਸਮੱਗਰੀ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਅਧਿਕਾਰੀ ਨੇ ਦੱਸਿਆ ਕਿ ਤਿੰਨ ਐਕਟਿਵ ਹੈਂਡ ਗਰਨੇਡ, ਦੋ ਐਕਟਿਵ ਡੈਟੋਨੇਟਰ, ਇੱਕ ਵਿਦੇਸ਼ੀ ਪਿਸਤੌਲ ਅਤੇ ਵਿਦੇਸ਼ੀ 13 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਦੇ ਕਬਜ਼ੇ ’ਚੋਂ ਇਕ ਚਿੱਟੇ ਰੰਗ ਦਾ ਵਿਸਫੋਟਕ ਪਾਊਡਰ, ਗਾਜ਼ੀਆਬਾਦ ਦਾ ਪਤਾ ਵਾਲਾ ਆਧਾਰ ਕਾਰਡ, ਸਿਮ ਕਾਰਡ ਤੋਂ ਬਿਨਾਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਏਡੀਜੀ ਨੇ ਦੱਸਿਆ ਕਿ ਇਹ ਅਤਿਵਾਦੀ 24 ਸਤੰਬਰ 2024 ਨੂੰ ਪੰਜਾਬ ਵਿੱਚ ਨਿਆਂਇਕ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ।