ਬੀਜਾਪੁਰ ’ਚ 17 ਨਕਸਲੀਆਂ ਵੱਲੋਂ ਆਤਮ ਸਮਰਪਣ
ਬੀਜਾਪੁਰ (ਛਤੀਸਗੜ੍ਹ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ 17 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ, ਜਿਨ੍ਹਾਂ ਵਿੱਚੋਂ ਨੌਂ ਨਕਸਲੀਆਂ ਦੇ ਸਿਰ ’ਤੇ ਸਮੂਹਿਕ ਤੌਰ ’ਤੇ 24 ਲੱਖ ਰੁਪਏ ਦਾ ਨਕਦ ਇਨਾਮ ਹੈ। ਇਕ ਜੋੜੇ ਸਣੇ ਸਾਰੇ ਨਕਸਲੀਆਂ ਨੇ ਸੀਆਰਪੀਐੱਫ ਦੇ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕੀਤਾ ਹੈ। ਬੀਜਾਪੁਰ ਦੇ ਐੱਸਐੱਸਪੀ ਜਤਿੰਦਰ ਕੁਮਾਰ ਯਾਦਵ ਨੇ ਕਿਹਾ ਕਿ ਨਕਸਲੀ ‘ਨਿਆ ਨੇਲਾਨਾਰ’ (ਤੁਹਾਡਾ ਚੰਗਾ ਪਿੰਡ) ਸਕੀਮ ਤੋਂ ਪ੍ਰਭਾਵਿਤ ਹੋਏ ਹਨ, ਜਿਸ ਤਹਿਤ ਸੁਰੱਖਿਆ ਬਲ ਅਤੇ ਪ੍ਰਸ਼ਾਸਨ ਇਥੋਂ ਦੇ ਅੰਦਰੂਨੀ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਕਾਸ ਕਾਰਜ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਨਕਸਲੀ ਗੰਗਲੂਰ ਖੇਤਰ ਕਮੇਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਰਗਰਮ ਸਨ। ਇਨ੍ਹਾਂ ਵਿੱਚੋਂ ਮਾਓਵਾਦੀਆਂ ਦੀ ਡਿਵੀਜ਼ਨਲ ਕਮੇਟੀ ਦਾ ਮੈਂਬਰ ਦਿਨੇਸ਼ ਮੋਦੀਅਮ (36) ਬੀਜਾਪੁਰ ਜ਼ਿਲ੍ਹੇ ਨਾਲ ਸਬੰਧਤ 26 ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਉਸ ’ਤੇ 8 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਮੋਦੀਅਮ ਦੀ ਪਤਨੀ ਜੋਤੀ ਤਾਤੀ, ਉਰਫ਼ ਕਾਲਾ (32) ਅਤੇ ਦੁਲਾ ਕਰਮ (32), ਦੋਵੇਂ ਏਰੀਆ ਕਮੇਟੀ ਮੈਂਬਰਾਂ ਵਜੋਂ ਸਰਗਰਮ ਸਨ। ਉਨ੍ਹਾਂ ’ਤੇ 5-5 ਲੱਖ ਰੁਪਏ ਦਾ ਇਨਾਮ ਸੀ। ਸ੍ਰੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ, ਬਸਤਰ ਫਾਈਟਰਜ਼, ਸਪੈਸ਼ਲ ਟਾਸਕ ਫੋਰਸ, ਸੀਆਰਪੀਐੱਫ ਅਤੇ ਇਸਦੀ ਐਲੀਟ ਯੂਨਿਟ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ) ਨੇ ਇਨ੍ਹਾਂ ਨਕਸਲੀਆਂ ਦੇ ਆਤਮ ਸਮਰਪਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤੱਕ, ਰਾਜ ਦੇ ਬਸਤਰ ਰੇਂਜ ਦੇ ਬੀਜਾਪੁਰ ਜ਼ਿਲ੍ਹੇ ਵਿੱਚ 65 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਪਿਛਲੇ ਸਾਲ, ਬਸਤਰ ਇਲਾਕੇ ਵਿੱਚ 792 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਸੀ, ਜਿਸ ਵਿੱਚ ਬੀਜਾਪੁਰ ਸਮੇਤ ਸੱਤ ਜ਼ਿਲ੍ਹੇ ਸ਼ਾਮਲ ਸਨ।