National

ਜਬਰ-ਜਨਾਹ ਮਾਮਲਾ: ਮੁਲਜ਼ਮ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ

ਮੁੰਬਈ/ਪੁਣੇ-ਪੁਣੇ ਦੇ ਸਵਾਰਗੇਟ ਬੱਸ ਸਟੇਸ਼ਨ ’ਤੇ ਬੱਸ ਅੰਦਰ 26 ਵਰ੍ਹਿਆਂ ਦੀ ਮਹਿਲਾ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਦੀ ਸੂਹ ਦੇਣ ’ਤੇ ਪੁਲੀਸ ਨੇ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਲਈ ਡਰੋਨ ਤਾਇਨਾਤ ਕੀਤੇ ਗਏ ਹਨ। ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਇਸ ਘਟਨਾ ਦੀ ਤੁਲਨਾ 2012 ਦੇ ਦਿੱਲੀ ਸਮੂਹਿਕ ਜਬਰ-ਜਨਾਹ ਕੇਸ ਨਾਲ ਕੀਤੀ ਹੈ। ਉਨ੍ਹਾਂ ਅਮਨ-ਕਾਨੂੰਨ ਦੀ ਵਿਗੜ ਰਹੀ ਹਾਲਤ ਲਈ ਮੰਤਰੀ ਅਜੀਤ ਪਵਾਰ ’ਤੇ ਨਿਸ਼ਾਨਾ ਸੇਧਿਆ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਰਕਾਰ ਦੋਸ਼ੀ ਲਈ ਫਾਂਸੀ ਦੀ ਸਜ਼ਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਸ਼ਿਵ ਸੈਨਾ ਦੇ ਵਿਧਾਇਕ ਨਿਲੇਸ਼ ਰਾਣੇ ਨੇ ‘ਐਨਕਾਊਂਟਰ ਸਕੁਐਡ’ ਬਹਾਲ ਕਰਨ ਦੀ ਵਕਾਲਤ ਕੀਤੀ ਹੈ। ਪੁਲੀਸ ਮੁਤਾਬਕ ਮੁਲਜ਼ਮ ਦੱਤਾਤ੍ਰੇਅ ਰਾਮਦਾਸ ਗਾੜੇ (37) ਖ਼ਿਲਾਫ਼ ਪਹਿਲਾਂ ਹੀ ਚੋਰੀ, ਡਕੈਤੀ ਅਤੇ ਚੇਨੀਆਂ ਖੋਹਣ ਦੇ ਇਕ ਦਰਜਨ ਕੇਸ ਦਰਜ ਹਨ। ਉਹ ਇਕ ਮਾਮਲੇ ’ਚ 2019 ਤੋਂ ਜ਼ਮਾਨਤ ’ਤੇ ਹੈ। ਪੁਣੇ ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਉਸ ਨੂੰ ਫੜਨ ਲਈ 13 ਪੁਲੀਸ ਟੀਮਾਂ ਬਣਾਈਆਂ ਗਈਆਂ ਹਨ। ਪੁਲੀਸ ਨੇ ਗੰਨੇ ਦੇ ਖੇਤਾਂ ਸਮੇਤ ਗੁਨਾਤ ਪਿੰਡ ’ਚ ਡਰੋਨਾਂ ਅਤੇ ਡੌਗ ਸਕੁਐਡਜ਼ ਨਾਲ ਤਲਾਸ਼ੀ ਮੁਹਿੰਮ ਵਿੱਢੀ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਪੁਲੀਸ ਕਰਮੀ ਪਿੰਡ ’ਚ ਤਾਇਨਾਤ ਹਨ। ਘਟਨਾ ਮਗਰੋਂ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਐਲਾਨ ਕੀਤਾ ਕਿ ਐੱਮਐੱਸਆਰਟੀਸੀ ਡਿਪੂਆਂ ’ਚ ਖੜ੍ਹੀਆਂ ਸਾਰੀਆਂ ਕੰਡਮ ਬੱਸਾਂ ਨੂੰ ਸਕਰੈਪ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੀਬ 15 ਹਜ਼ਾਰ ਬੱਸਾਂ ’ਚ ਜੀਪੀਐੱਸ, ਪੈਨਿਕ ਬਟਨ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ।

ਮੁੰਬਈ ’ਚ ਸਾਬਕਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ 2012 ਦੇ ਨਿਰਭਯਾ ਕਾਂਡ ਨੂੰ ਯਾਦ ਕਰਦਿਆਂ ਕਿਹਾ ਕਿ ਔਰਤਾਂ ਖ਼ਿਲਾਫ਼ ਜੁਰਮਾਂ ਨੂੰ ਸਿਰਫ਼ ਕਾਨੂੰਨ ਬਣਾ ਕੇ ਨਹੀਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਰੋਕਣ ਲਈ ਢੁੱਕਵੇਂ ਢੰਗ ਨਾਲ ਕਾਨੂੰਨ ਲਾਗੂ ਕਰਨੇ ਪੈਣਗੇ। ਉਨ੍ਹਾਂ ਢੁੱਕਵੀਂ ਜਾਂਚ, ਸਖ਼ਤ ਕਾਰਵਾਈ, ਫੌਰੀ ਮੁਕੱਦਮੇ ਅਤੇ ਸਜ਼ਾ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੀ ਰੋਕਥਾਮ ਲਈ ਕਾਨੂੰਨੀ ਪ੍ਰਬੰਧ ਅਤੇ ਪੁਲੀਸ ’ਤੇ ਵੱਡੀ ਜ਼ਿੰਮੇਵਾਰੀ ਹੈ।