National

ਦੇਸ਼ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਰਾਮਨੌਮੀ

ਨਵੀਂ ਦਿੱਲੀ-ਦੇਸ਼ ਭਰ ’ਚ ਅੱਜ ਰਾਮਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਵੱਡੀ ਗਿਣਤੀ ਲੋਕ ਮੰਦਰਾਂ ’ਚ ਪੁੱਜੇ ਤੇ ਸ਼ੋਭਾ ਯਾਤਰਾਵਾਂ ’ਚ ਸ਼ਾਮਲ ਹੋਏ। ਪੱਛਮੀ ਬੰਗਾਲ ਸਮੇਤ ਕਈ ਰਾਜਾਂ ’ਚ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਇਹ ਤਿਉਹਾਰ ਮਨਾਇਆ ਗਿਆ ਜਿੱਥੇ ਭਾਜਪਾ ਤੇ ਟੀਐੱਮਸੀ ਨੇ ਤਿਉਹਾਰ ਨੂੰ ਸਿਆਸੀ ਰੰਗ ਦੇਣ ਲਈ ਕਈ ਰੈਲੀਆਂ ਕੀਤੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲ ਨਾਡੂ ’ਚ ਰਾਮੇਸ਼ਵਰਮ ਦੇ ਰਾਮਾਨਾਥਸਵਾਮੀ ਮੰਦਰ ’ਚ ਮੱਥਾ ਟੇਕਿਆ ਤੇ ਲੋਕਾਂ ਨੂੰ ਰਾਮਨੌਮੀ ਦੀਆਂ ਵਧਾਈਆਂ ਦਿੱਤੀਆਂ। ਅਯੁੱਧਿਆ ਵਿੱਚ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਸ਼ਰਧਾਲੂ ਰਾਮ ਮੰਦਰ ’ਚ ਮੱਥਾ ਟੇਕਣ ਲਈ ਪਹੁੰਚਣੇ ਸ਼ੁਰੂ ਹੋ ਗਏ ਸਨ। ਦੇਸ਼ ਭਰ ’ਚ ਸ਼ੋਭਾ ਯਾਤਰਾਵਾਂ ਦੌਰਾਨ ਭਗਵਾਨ ਰਾਮ ਦੇ ਜੀਵਨ ਨਾਲ ਸਬੰਧਤ ਝਾਕੀਆਂ ਸਜਾਈਆਂ ਗਈਆਂ। ਪੱਛਮੀ ਬੰਗਾਲ ਵਿੱਚ ਸੂਬੇ ਭਰ ’ਚ ਕਈ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਜਿਨ੍ਹਾਂ ’ਚ ਭਾਜਪਾ ਤੇ ਟੀਐੱਮਸੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ ਦੇ ਸੋਨਾਚੂਰਾ ਪਿੰਡ ’ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ। ਸੂਬੇ ’ਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਛੇ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸੇ ਤਰ੍ਹਾਂ ਮਾਲਦਾ ’ਚ ਜਦੋਂ ਵਿਸ਼ਵ ਹਿੰਦੂ ਪਰਿਸ਼ਦ ਨੇ ਸ਼ੋਭਾ ਯਾਤਰਾ ਸਜਾਈ ਤਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ਮਠਿਆਈ ਨਾਲ ਸ਼ਰਧਾਲੂਆਂ ਦਾ ਸਵਾਗਤ ਕੀਤਾ। ਇਸੇ ਤਰ੍ਹਾਂ ਤਿਲੰਗਾਨਾ, ਝਾਰਖੰਡ, ਮਹਾਰਾਸ਼ਟਰ, ਜੰਮੂ ਕਸ਼ਮੀਰ ਤੇ ਹੋਰ ਰਾਜਾਂ ’ਚ ਵੀ ਰਾਮਨੌਮੀ ਸ਼ਰਧਾ ਨਾਲ ਮਨਾਈ ਗਈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁੁਪਤਾ ਨੇ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ’ਚ ਰਾਮਨੌਮੀ ਸ਼ੋਭਾ ਯਾਤਰਾ ’ਚ ਹਿੱਸਾ ਲਿਆ ਜਦਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ ਮੰਦਰ ’ਚ ਪੂਜਾ ਕੀਤੀ ਅਤੇ ਕੰਜਕਾਂ ਵੀ ਪੂਜੀਆਂ। ਜੰਮੂ ਕਸ਼ਮੀਰ ਦੇ ਲਾਲ ਚੌਕ ’ਚ ਸ਼ੋਭਾ ਯਾਤਰਾ ਸਜਾਈ ਗਈ।