National

ਇਕ ਹਫ਼ਤਾ ਹੋਰ ਵਰ੍ਹੇਗਾ ਜਾਂਦੀ ਵਾਰ ਦਾ ਮੌਨਸੂਨ

ਨਵੀਂ ਦਿੱਲੀ – ਮੌਨਸੂਨ ਦੀ ਵਾਪਸੀ ਦਾ ਰਸਮੀ ਐਲਾਨ ਹੋ ਚੁੱਕਾ ਹੈ ਪਰ ਬੰਗਾਲ ਦੀ ਖਾੜੀ ਤੇ ਅਰਬ ਸਾਗਰ ’ਚ ਬਣੇ ਭਾਰੀ ਦਬਾਅ ਅਤੇ ਪਾਕਿਸਤਾਨ ਉੱਪਰ ਸਰਗਰਮ ਪੱਛਮੀ ਗੜਬੜੀ ਕਾਰਨ ਇਸ ਦੀ ਵਾਪਸੀ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਕੱਠੇ ਤਿੰਨ ਸਿਸਟਮਾਂ ਦੇ ਸਰਗਰਮ ਹੋਣ ਕਾਰਨ ਦੇਸ਼ ਦੇ ਬਹੁਤੇ ਹਿੱਸਿਆਂ ’ਚ ਮੌਸਮ ਦੁਬਾਰਾ ਵਿਗੜ ਗਿਆ ਹੈ। ਉੱਤਰੀ ਭਾਰਤ ਸਮੇਤ ਕਈ ਸੂਬਿਆਂ ’ਚ ਤੇਜ਼ ਬਰਸਾਤ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਜਿਸ ਨਾਲ ਸਾਉਣੀ ਦੀਆਂ ਫ਼ਸਲਾਂ ਦੇ ਭਾਰੀ ਨੁਕਸਾਨ ਦਾ ਖ਼ਤਰਾ ਵੱਧ ਗਿਆ ਹੈ। ਖੇਤਾਂ ਵਿਚ ਵਾਢੀ ਲਈ ਤਿਆਰ ਝੋਨਾ, ਦਾਲਾਂ ਅਤੇ ਤਿਲਾਂ ਵਾਲੀਆਂ ਫ਼ਸਲਾਂ ਲਗਾਤਾਰ ਭਿੱਜਣ ਕਾਰਨ ਖ਼ਰਾਬ ਹੋ ਸਕਦੀਆਂ ਹਨ। ਪੇਂਡੂ ਇਲਾਕਿਆਂ ਵਿਚ ਖੇਤਾਂ ’ਚ ਰੱਖੀ ਉਪਜ ਸੜਨ ਦਾ ਵੀ ਡਰ ਹੈ। ਇਸ ਦੇ ਨਾਲ ਹੀ ਹਾੜੀ ਫ਼ਸਲਾਂ ਦੀ ਬਿਜਾਈ ਵੀ ਪੱਛੜ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ, ਚਾਰ ਤੋਂ ਪੰਜ ਅਕਤੂਬਰ ਦਰਮਿਆਨ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਉੱਤਰੀ ਜ਼ਿਲ੍ਹਿਆਂ ਵਿਚ ਭਾਰੀ ਤੋਂ ਅਤਿ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਨੇਪਾਲ ਦੇ ਤਰਾਈ ਖੇਤਰਾਂ ਵਿਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਉੱਤਰੀ ਬਿਹਾਰ ਦੇ ਹੇਠਲੇ ਇਲਾਕਿਆਂ ਵਿਚ ਹੜ੍ਹ ਦਾ ਸੰਕਟ ਪੈਦਾ ਹੋ ਸਕਦਾ ਹੈ। ਝਾਰਖੰਡ, ਬੰਗਾਲ ਤੇ ਓਡੀਸ਼ਾ ਵਿਚ ਵੀ ਤੇਜ਼ ਹਵਾਵਾਂ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਹੈ।

ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਉੱਠੇ ਦਬਾਅ ਕਾਰਨ ਆਂਧਰ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ’ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵਿਆਪਕ ਸਰਗਰਮੀ ਕਾਰਨ ਹਫ਼ਤੇ ਭਰ ਤੱਕ ਮੌਨਸੂਨ ਦੀ ਵਿਦਾਈ ਟਲ ਜਾਵੇਗੀ। ਜਿਨ੍ਹਾਂ ਇਲਾਕਿਆਂ ’ਚ ਵਿਦਾਈ ਦਾ ਐਲਾਨ ਹੋ ਚੁੱਕਾ ਸੀ, ਉੱਥੇ ਵੀ ਬਾਰਿਸ਼ ਦੀ ਵਾਪਸੀ ਹੋ ਸਕਦੀ ਹੈ।

ਪੱਛਮੀ ਗੜਬੜੀ ਦੇ ਅੱਗੇ ਵਧਣ ਅਤੇ ਨਮੀ ਵਾਲੀਆਂ ਹਵਾਵਾਂ ਦੇ ਟਕਰਾਉਣ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ-ਐੱਨਸੀਆਰ ’ਚ ਤਿੰਨ-ਚਾਰ ਦਿਨਾਂ ਬਾਅਦ ਛਮਛਮ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਛੇ-ਸੱਤ ਅਕਤੂਬਰ ਨੂੰ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿਚ ਵੀ ਮੌਸਮ ਵਿਗੜ ਸਕਦਾ ਹੈ। ਉੱਤਰਾਖੰਡ ’ਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਸੰਦਰਭ ਵਿਚ ਮਾਹਰਾਂ ਨੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਿਆਰ ਫ਼ਸਲ ਖੇਤਾਂ ’ਚੋਂ ਜਲਦੀ ਹਟਾ ਲੈਣ ਤਾਂ ਜੋ ਘੱਟ ਤੋਂ ਘੱਟ ਨੁਕਸਾਨ ਹੋ ਸਕੇ।

ਸਕਾਈਮੈਟ ਵੇਦਰ ਦੇ ਚੇਅਰਮੈਨ ਜੀਪੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਸਾਲ ਦਾ ਮੌਨਸੂਨ ਹੋਰ ਸਾਲਾਂ ਨਾਲੋਂ ਅਲੱਗ ਰਿਹਾ। ਜੂਨ ਤੋਂ ਸਤੰਬਰ ਤੱਕ ਇਹ 108 ਫ਼ੀਸਦੀ ਲੰਬੀ ਮਿਆਦ ਦੀ ਔਸਤ ਬਾਰਿਸ਼ ਨਾਲ ਖ਼ਤਮ ਹੋਇਆ ਪਰ ਵੰਡ ਇੱਕੋ ਜਿਹੀ ਨਹੀਂ ਰਹੀ। ਕਿਤੇ ਭਾਰੀ ਬਾਰਿਸ਼ ਹੋਈ ਤਾਂ ਕਈ ਥਾਵਾਂ ’ਤੇ ਬਿਲਕੁਲ ਘੱਟ। ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵੱਡੇ ਹਿੱਸੇ ਵਿਚ ਕਮੀ ਰਹੀ ਜਦਕਿ ਮਰਾਠਵਾੜਾ ਅਤੇ ਰਾਇਲਸੀਮਾ ਜਿਹੇ ਖੇਤਰਾਂ ਵਿਚ ਬਾਅਦ ’ਚ ਸਥਿਤੀ ਸੁਧਰ ਗਈ। ਹੁਣ ਸੀਜ਼ਨ ਦੇ ਅਖ਼ੀਰ ਵਿਚ ਹੋ ਰਹੀ ਭਾਰੀ ਬਾਰਿਸ਼ ਉੱਥੋਂ ਦੀਆਂ ਫ਼ਸਲਾਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੀ ਹੈ।