ਸੁਖ਼ਬੀਰ ਬਾਦਲ ਨੂੰ ਇਕ ਹੋਰ ਸੰਮਨ : ਕੋਟਕਪੂਰਾ ਤੋਂ ਬਾਅਦ ਹੁਣ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ . ਆਈ . ਟੀ . ਨੇ ਸੱਦਿਆ…
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ – ਮੁੱਖ ਮੰਤਰੀ ਸ : ਸੁਖ਼ਬੀਰ ਸਿੰਘ ਬਾਦਲ , ਜਿਨ੍ਹਾਂ ਨੂੰ ਪਹਿਲਾਂ ਹੀ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵੱਲੋਂ ਸੰਮਨ ਜਾਰੀ ਕੀਤੇ ਗਏ ਸਨ , ਨੂੰ ਹੁਣ ਇਕ ਹੋਰ ਸੰਮਨ ਜਾਰੀ ਕੀਤੇ ਗਏ ਹਨ । ਇਹ ਸੰਮਨ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਆਈ.ਜੀ. ਸ : ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਵੱਲੋਂ ਜਾਰੀ ਕੀਤੇ ਗਏ ਹਨ । ਉਨ੍ਹਾਂ ਨੂੰ 14 ਸਤੰਬਰ ਨੂੰ ਐਸ.ਆਈ.ਟੀ.ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਏ.ਡੀ.ਜੀ.ਪੀ. ਸ੍ਰੀ ਐਲ.ਕੇ.ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ.ਨੇ ਸ : ਸੁਖ਼ਬੀਰ ਸਿੰਘ ਬਾਦਲ ਨੂੰ 30 ਅਗਸਤ ਲਈ ਸੰਮਨ ਜਾਰੀ ਕੀਤੇ ਸਨ ਪਰ ਇਸ ‘ ਤੇ ਅਕਾਲੀ ਦਲ ਨੇ ਇਹ ਕਿਹਾ ਸੀ ਕਿ ਇਹ ਸੰਮਨ ਸੋਸ਼ਲ ਮੀਡੀਆ ‘ ਤੇ ਹੀ ਜਾਰੀ ਕੀਤੇ ਗਏ ਹਨ ਅਤੇ ਸ : ਸੁਖ਼ਬੀਰ ਸਿੰਘ ਬਾਦਲ ਨੂੰ ਤਾਮੀਲ ਨਹੀਂ ਕਰਵਾਏ ਗਏ । ਇਸ ਰੋਲ ਘਚੋਲੇ ਅਤੇ ਪਰਸਪਰ ਵਿਰੋਧੀ ਦਾਵਿਆਂ ਦੇ ਦਰਮਿਆਨ ਅੰਤ ਇਹ ਹੋਇਆ ਕਿ 30 ਅਗਸਤ ਨੂੰ ਸ : ਸੁਖ਼ਬੀਰ ਸਿੰਘ ਬਾਦਲ ਇਹ ਕਹਿ ਕੇ ਐਸ.ਆਈ.ਟੀ. ਸਾਹਮਣੇ ਪੇਸ਼ ਨਹੀਂ ਹੋਏ ਕਿ 30 ਅਗਸਤ ਨੂੰ ਹੀ ਜ਼ੀਰਾ ਦੀ ਇਕ ਅਦਾਲਤ ਵਿੱਚ ਸੜਕ ਜਾਮ ਕਰਨ ਦੇ ਇਕ ਪੁਰਾਣੇ ਕੇਸ ਵਿੱਚ ਉਨ੍ਹਾਂ ਦੀ ਤਾਰੀਖ਼ ਹੈ । ਹੁਣ ਸ੍ਰੀ ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ.ਨੇ ਸ : ਸੁਖ਼ਬੀਰ ਸਿੰਘ ਬਾਦਲ ਨੂੰ 14 ਸਤੰਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਹੈ । ਯਾਦ ਰਹੇ ਕਿ 2015 ਦੇ ਬਰਗਾੜੀ ਬੇਅਦਬੀ ਮਾਮਲੇ ਤੋਂ ਬਾਅਦ ਵੱਖ ਵੱਖ ਧਰਨੇ ਦੇ ਰਹੀਆਂ ਸੰਗਤਾਂ ‘ ਤੇ ਗੋਲੀਬਾਰੀ ਕੀਤੀ ਗਈ ਸੀ । ਬਹਿਬਲ ਕਲਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਸਿੰਘ ਸ਼ਹੀਦ ਹੋਏ ਸਨ ਜਦਕਿ ਕੋਟਕਪੂਰਾ ਵਿੱਚ ਕੁਝ ਵਿਅਕਤੀ ਜ਼ਖ਼ਮੀ ਹੋਏ ਸਨ । ਇਸ ਮਾਮਲੇ ਵਿੱਚ 2015 ਤੋਂ ਹੁਣ ਤਕ ਇਨਸਾਫ਼ ਨਾ ਮਿਲਣ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਫ਼ਿਰ ਕਾਂਗਰਸ ਅਲੋਚਨਾ ਦਾ ਸ਼ਿਕਾਰ ਹੁੰਦੇ ਆਏ ਹਨ ਅਤੇ ਹੁਣ ਨਵੀਂ ਬਣੀ ‘ ਆਮ ਆਦਮੀ ਪਾਰਟੀ ‘ ਦੀ ਸਰਕਾਰ ਵੀ ਦਬਾਅ ਹੇਠ ਹੈ ਕਿਉਂਕਿ 24 ਘੰਟੇ ਵਿੱਚ ਇਨਸਾਫ਼ ਦੇ ਦੇਣ ਦੇ ਵਾਅਦੇ ਕੀਤੇ ਗਏ ਸਨ ।ਹੁਣ ਇਸ ਮਾਮਲੇ ਵਿੱਚ ਸ਼ੁਰੂ ਹੋਈ ਹਿਲਜੁਲ ਨੇ ਪੰਜਾਬ ਦੇ ਸਿਆਸੀ ਪਾਣੀਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ । ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ “ ਆਮ ਆਦਮੀ ਪਾਰਟੀ ‘ ਦੇ ਆਪਣੇ ਵਿਧਾਇਕ ਅਤੇ ਇਨ੍ਹਾਂ ਕੇਸਾਂ ਨਾਲ ਜੁੜੇ ਰਹੇ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਕਿਹਾ ਸੀ ਕਿ ਇਨਸਾਫ਼ ਇਸ ਲਈ ਨਹੀਂ ਮਿਲ ਰਿਹਾ ਕਿਉਂਕਿ ਕੋਈ ਵੀ ਪੁਲਿਸ ਅਧਿਕਾਰੀ ਵੱਡੇ ਨੇਤਾਵਾਂ ਦੇ ਖਿਲਾਫ਼ ਕਿਸੇ ਕਾਰਵਾਈ ਲਈ ਤਿਆਰ ਨਹੀਂ ਹੈ ।