_*ਜ਼ਿਲੇ ਦੇ ਸਮੂਹ ਸਰਕਾਰੀ ਸਕੂਲਾਂ ‘ਚ ਸਫ਼ਲਤਾ ਪੂਰਵਕ ਚੱਲੀ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ*_ *ਦੋ ਦਿਨਾਂ ‘ਚ ਹਜ਼ਾਰਾਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ*

ਜਲੰਧਰ 31 ਮਈ ( ਚਰਨਜੀਤ ਸਿੰਘ )

 

ਜਲੰਧਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਾਜੀਵ ਜੋਸ਼ੀ ਦੀ ਅਗਵਾਈ ਵਿੱਚ 30 ਅਤੇ 31 ਮਈ 2022 ਨੂੰ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਗਤੀਵਿਧੀਆਂ ਅਧਾਰਿਤ ਸਿੱਖਿਆ ਦੇ ਨਾਲ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਪੁਸਤਕ ਪ੍ਰਦਰਸ਼ਨੀਆਂ ਬਹੁਤ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਅੱਜ ਇਸ ਪੁਸਤਕ ਪ੍ਰਦਰਸ਼ਨੀ ਦੇ ਦੂਸਰੇ ਦਿਨ ਸਾਰੇ ਸਕੂਲਾਂ ਵਿੱਚ ਬਿਹਤਰੀਨ ਪੁਸਤਕਾਂ ਦੇ ਸਟਾਲ ਸਜਾਏ ਗਏ।ਅੱਜ ਜਿੱਥੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਰੰਗਦਾਰ ਅਤੇ ਕਹਾਣੀਆਂ ਦੀਆਂ ਪੁਸਤਕਾਂ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਸਨ, ਉੱਥੇ ਹੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਉੱਜਵਲ ਭਵਿੱਖ ਲਈ ਨੈਤਿਕ, ਸਮਾਜਿਕ, ਕੌਮੀਅਤ ਅਤੇ ਕਿੱਤਾਮੁਖੀ ਸਿੱਖਿਆ , ਵਿਗਿਆਨ ਆਦਿ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਗਈ । ਕਈ ਸਕੂਲਾਂ ਵਿੱਚ ਪੁਸਤਕ ਮੇਲੇ ਦੌਰਾਨ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਹੋਰ ਪਤਵੰਤੇ ਸੱਜਣਾਂ ਨੂੰ ਪੜ੍ਹਨ ਲਈ ਉਨ੍ਹਾਂ ਦੀ ਪਸੰਦ ਦੀਆਂ ਵੱਖ-ਵੱਖ ਪੁਸਤਕਾਂ ਜਾਰੀ ਕੀਤੀਆਂ ਗਈਆਂ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਚਰਨ ਸਿੰਘ ਮੁਲਤਾਨੀ ਨੇ ਪੁਸਤਕ ਪ੍ਰਦਰਸ਼ਨੀ ਨੂੰ ਇੰਨੇ ਵੱਡੇ ਪੱਧਰ ‘ਤੇ ਕਾਮਯਾਬ ਕਰਨ ਲਈ ਸਕੂਲ ਮੁਖੀਆਂ, ਅਧਿਆਪਕਾਂ ਅਤੇ ਬਲਾਕ ਨੋਡਲ ਅਫਸਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ , ਰਾਜੀਵ ਜੋਸ਼ੀ ਨੇ ਸਕੂਲ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਵਿੱਚ ਸਾਰੇ ਸਕੂਲਾਂ ਵੱਲੋਂ ਪਾਏ 100% ਯੋਗਦਾਨ ਲਈ ਸਮੂਹ ਪ੍ਰਿੰਸੀਪਲ, ਸਕੂਲ ਮੁਖੀਆਂ, ਬੀ ਐੱਨ ਓ ,ਅਧਿਆਪਕਾਂ ਅਤੇ ਵਿਭਾਗੀ ਸਟਾਫ਼ ਦਾ ਧੰਨਵਾਦ ਕੀਤਾ।