_*ਬਲਾਕ ਪੱਧਰੀ ਇਨਾਮ ਵੰਡ ਸਮਾਰੋਹ ਕਰਵਾਇਆ*_

ਜਲੰਧਰ, 21 ਮਾਰਚ ( ਚਰਨਜੀਤ ਸਿੰਘ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਏ ਮੁਕਾਬਲਿਆਂ ਵਿੱਚ ਬਲਾਕ ਅਲਾਵਲਪੁਰ ਦੇ ਜੇਤੂ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਵਿਖੇ ਕਰਵਾਇਆ ਗਿਆ। ਬਲਾਕ ਪੱਧਰੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਕੋਲੋਂ ਵਿਗਿਆਨ, ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ ਸਨ । ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਨੌਵੀਂ ਅਤੇ ਦਸਵੀਂ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਬੀ ਐੱਨ ਓ ਸੁਮਨ ਸ਼ਰਮਾ, ਪ੍ਰਿੰਸੀਪਲ ਰਣਵੀਰ ਸਿੰਘ , ਬਲਾਕ ਮੈਂਟਰ ਸੁਰਿੰਦਰ ਕੁਮਾਰ ਅਤੇ ਬਲਾਕ ਮੈਂਟਰ ਸਤਨਾਮ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਰਣਵੀਰ ਸਿੰਘ ਨੇ ਜਿਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਭਾਗ ਲੈਣ ਵਾਲੇ ਬਾਕੀ ਵਿਦਿਆਰਥੀਆਂ ਨੂੰ ਵੀ ਹੌਸਲਾ ਦਿੰਦਿਆਂ ਸ਼ੁਭ ਇੱਛਾਵਾਂ ਦਿੱਤੀਆਂ। ਬੀ ਐੱਨ ਓ ਪ੍ਰਿੰਸੀਪਲ ਸੁਮਨ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ। ਇਨਾਮ ਵੰਡ ਸਮਾਰੋਹ ਵਿੱਚ ਉਪਰੋਕਤ ਤੋਂ ਇਲਾਵਾ ਹਰਜੀਤ ਸਿੰਘ, ਵਿਜੈ ਕੁਮਾਰੀ, ਗੁਰਵਿੰਦਰ ਸਿੰਘ ਅਤੇ ਹੋਰ ਗਾਈਡ ਅਧਿਆਪਕ ਮੌਜੂਦ ਸਨ।