National

ਸਰਕਾਰ ਨੇ ਪੈਟਰੋਲ, ਡੀਜ਼ਲ ਤੇ ਏ.ਟੀ.ਐੱਫ. ਦੀ ਬਰਾਮਦਗੀ ’ਤੇ ਵਿੰਡਫਾਲ ਟੈਕਸ ਘਟਾਇਆ

ਦਿੱਲੀ: ਕੇਂਦਰ ਸਰਕਾਰ ਨੇ 16 ਸਤੰਬਰ ਤੋਂ ਲਾਗੂ ਹੋਣ ਵਾਲੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਏ.ਟੀ.ਐੱਫ. ਦੀ ਬਰਾਮਦਗੀ ’ਤੇ ਵਿੰਡਫਾਲ ਗੇਨਜ਼ ਟੈਕਸ ਵਿੱਚ ਕਟੌਤੀ ਕੀਤੀ ਹੈ।

ਡੀਜ਼ਲ ਦੀ ਬਰਾਮਦਗੀ ’ਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (SAED) ਅਤੇ ਸੜਕ ਤੇ ਬੁਨਿਆਦੀ ਢਾਂਚਾ ਸੈੱਸ ਦੀ ਦਰ 25 ਰੁਪਏ ਤੋਂ ਘਟਾ ਕੇ 20 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਏ.ਟੀ.ਐੱਫ. ਦੀ ਬਰਾਮਦਗੀ ’ਤੇ ਡਿਊਟੀ 19 ਰੁਪਏ ਤੋਂ ਘਟਾ ਕੇ 15 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ’ਤੇ 1.5 ਰੁਪਏ ਤੋਂ ਘਟਾ ਕੇ 0.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੀਆਂ ਦਰਾਂ 16 ਸਤੰਬਰ ਤੋਂ ਲਾਗੂ ਹੋਣਗੀਆਂ। ਹਾਲਾਂਕਿ, ਘਰੇਲੂ ਖਪਤ ਲਈ ਰਿਫਾਈਨ ਕੀਤੇ ਜਾਣ ਵਾਲੇ ਪੈਟਰੋਲ ਅਤੇ ਡੀਜ਼ਲ ’ਤੇ ਮੌਜੂਦਾ ਡਿਊਟੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਪੱਛਮੀ ਏਸ਼ੀਆ ਵਿੱਚ ਤਣਾਅ ਅਤੇ ਜੰਗ ਕਾਰਨ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਤੋਂ ਬਾਅਦ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ’ਤੇ ਇਹ ਵਿੰਡਫਾਲ ਡਿਊਟੀ ਲਗਾਈ ਸੀ। ਇਸ ਦਾ ਮਕਸਦ ਘਰੇਲੂ ਬਾਜ਼ਾਰ ਵਿੱਚ ਬਾਲਣ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਾਲ-ਨਾਲ ਕੌਮਾਂਤਰੀ ਅਤੇ ਘਰੇਲੂ ਕੀਮਤਾਂ ਦੇ ਫਰਕ ਤੋਂ ਬਰਾਮਦਕਾਰਾਂ ਨੂੰ ਹੋਣ ਵਾਲੇ ਵਾਧੂ ਮੁਨਾਫ਼ੇ ਨੂੰ ਨਿਯੰਤਰਿਤ ਕਰਨਾ ਸੀ।