ਐਡਮਿੰਟਨ ਵਿੱਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਲੁਟੇਰੇ, 20 ਮਾਮਲੇ ਸਾਹਮਣੇ
ਐਡਮਿੰਟਨ ਵਿੱਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਗੱਲਾਂ ਵਿੱਚ ਉਲਝਾ ਕੇ ਉਨ੍ਹਾਂ ਦੇ ਸੋਨੇ ਅਤੇ ਹੋਰ ਕੀਮਤੀ ਗਹਿਣੇ ਲੁੱਟਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਐਡਮਿੰਟਨ ਪੁਲੀਸ ਸਰਵਿਸ (EPS) ਮੁਤਾਬਕ, ਪਿਛਲੇ ਇੱਕ ਮਹੀਨੇ ਦੌਰਾਨ ਗਹਿਣਿਆਂ ਨਾਲ ਸਬੰਧਿਤ ਘੱਟੋ-ਘੱਟ 20 ਅਜਿਹੀਆਂ ਲੁੱਟਾਂ ਦੀਆਂ ਰਿਪੋਰਟਾਂ ਮਿਲੀਆਂ ਹਨ।
ਪੁਲੀਸ ਅਨੁਸਾਰ ਮੁਲਜ਼ਮ ਅਕਸਰ ਔਰਤਾਂ ਨੂੰ ਆਪਣੀ ਗੱਡੀ ਦੇ ਨੇੜੇ ਬੁਲਾਉਂਦੇ ਹਨ। ਰਸਤਾ ਪੁੱਛਣ, ਮਦਦ ਮੰਗਣ, ਅਸ਼ੀਰਵਾਦ ਲੈਣ ਜਾਂ ਦੇਣ ਅਤੇ ਹੋਰ ਬਹਾਨਿਆਂ ਰਾਹੀਂ ਉਨ੍ਹਾਂ ਦਾ ਧਿਆਨ ਭਟਕਾਇਆ ਜਾਂਦਾ ਹੈ। ਇਸ ਤੋਂ ਬਾਅਦ ਗੱਲਬਾਤ ਦੌਰਾਨ ਗਹਿਣੇ ਉਤਾਰਨ ਜਾਂ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
EPS ਨੇ ਦੱਸਿਆ ਕਿ ਹਾਲੀਆ ਮਾਮਲਿਆਂ ਵਿੱਚ ਇਹ ਘਟਨਾਵਾਂ ਹੋਰ ਹਮਲਾਵਰ ਹੋਈਆਂ ਹਨ। ਕੁਝ ਮਾਮਲਿਆਂ ਵਿੱਚ ਮੁਲਜ਼ਮਾਂ ਨੇ ਔਰਤਾਂ ਨੂੰ ਫੜਨ ਜਾਂ ਉਨ੍ਹਾਂ ਦੀ ਬਾਂਹ ਗੱਡੀ ਅੰਦਰ ਖਿੱਚਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਹੁਣ ਤੱਕ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਣਜਾਣ ਵਿਅਕਤੀਆਂ ਵੱਲੋਂ ਅਚਾਨਕ ਗੱਲਬਾਤ ਸ਼ੁਰੂ ਕਰਨ ’ਤੇ ਸਾਵਧਾਨ ਰਹਿਣ ਅਤੇ ਕਿਸੇ ਵੀ ਬਹਾਨੇ ਨਾਲ ਉਨ੍ਹਾਂ ਦੀ ਗੱਡੀ ਦੇ ਨੇੜੇ ਨਾ ਜਾਣ। ਮਹਿੰਗੇ ਸੋਨੇ ਦੇ ਗਹਿਣੇ, ਘੜੀਆਂ ਅਤੇ ਹੋਰ ਕੀਮਤੀ ਵਸਤਾਂ ਖੁੱਲ੍ਹੇਆਮ ਪਹਿਨਣ ਜਾਂ ਦਿਖਾਉਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਗਈ ਹੈ।
ਪੁਲੀਸ ਮੁਤਾਬਕ ਕੁਝ ਮਾਮਲਿਆਂ ਵਿੱਚ ਮੁਲਜ਼ਮ ਖਾਣੇ, ਪੈਟਰੋਲ ਜਾਂ ਘਰ ਵਾਪਸੀ ਲਈ ਪੈਸੇ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ ਅਤੇ ਬਦਲੇ ਵਿੱਚ ਸੋਨਾ ਜਾਂ ਗਹਿਣੇ ਦੇਣ ਦੀ ਪੇਸ਼ਕਸ਼ ਕਰਦੇ ਹਨ। ਕਈ ਵਾਰ ਗਲੇ ਮਿਲਣ ਜਾਂ ਅਸ਼ੀਰਵਾਦ ਦੇ ਬਹਾਨੇ ਅਸਲੀ ਗਹਿਣੇ ਉਤਾਰ ਕੇ ਉਨ੍ਹਾਂ ਦੀ ਥਾਂ ਨਕਲੀ ਗਹਿਣੇ ਪਾ ਦਿੱਤੇ ਜਾਂਦੇ ਹਨ।
EPS ਦੇ ਡਿਟੈਕਟਿਵ ਬ੍ਰਾਇਸ ਫ੍ਰਾਂਸਿਸ ਨੇ ਕਿਹਾ ਕਿ ਗੱਡੀਆਂ ਦੀ ਵਰਤੋਂ ਅਤੇ ਜ਼ਬਰਦਸਤੀ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਪੁਲੀਸ ਨੇ ਕਿਹਾ ਕਿ ਜੇ ਕੋਈ ਸਥਿਤੀ ਸ਼ੱਕੀ ਲੱਗੇ ਤਾਂ ਗੱਲਬਾਤ ਵਿੱਚ ਪੈਣ ਦੀ ਬਜਾਏ ਤੁਰੰਤ ਉੱਥੋਂ ਦੂਰ ਹੋ ਜਾਣਾ ਚਾਹੀਦਾ ਹੈ।
ਕਿਸੇ ਐਮਰਜੈਂਸੀ ਜਾਂ ਘਟਨਾ ਦੇ ਸਮੇਂ 911 ’ਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਗੈਰ-ਐਮਰਜੈਂਸੀ ਮਾਮਲਿਆਂ ਲਈ EPS ਨਾਲ 780-423-4567 ਜਾਂ ਮੋਬਾਈਲ ਤੋਂ #377 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
