Punjab

ਨਾਭਾ: ਡੇਰਾ ਬਿਆਸ ਮੁਖੀ ਵੱਲੋਂ ਸ਼ਾਹੀ ਪਰਿਵਾਰ ਦੇ ਵੰਸ਼ਜਾਂ ਨਾਲ ਮੁਲਾਕਾਤ

ਨਾਭਾ-ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਨਾਭਾ ਦੇ ਹੀਰਾ ਮਹਿਲ ਵਿੱਚ ਪਹੁੰਚ ਕੇ ਸ਼ਾਹੀ ਪਰਿਵਾਰ ਦੇ ਵੰਸ਼ਜਾਂ ਨਾਲ ਮੁਲਾਕਤ ਕੀਤੀ। ਉਨ੍ਹਾਂ ਦੇ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਡੇਰੇ ਦੇ ਸ਼ਰਧਾਲੂ ਵੀ ਮਹਿਲ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਅੰਗਰੇਜ਼ਾਂ ਖ਼ਿਲਾਫ਼ ਬਗਾਵਤ ਕਰਨ ਵਾਲੇ ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਪ੍ਰੀਤੀ ਸਿੰਘ ਨੇ ਖ਼ੁਦ ਨੂੰ ਵਡਭਾਗਾ ਦੱਸਦਿਆਂ ਕਿਹਾ ਕਿ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਰਾਸਤੀ ਇਮਾਰਤਾਂ ਤੇ ਵਿਰਾਸਤੀ ਚੀਜ਼ਾਂ ਦੀ ਸਾਂਭ-ਸੰਭਾਲ ਨੂੰ ਕਾਫੀ ਸਲਾਹੁੰਦੇ ਹਨ ਅਤੇ ਅੱਜ ਉਹ ਹੀਰਾ ਮਹਿਲ ਦੇਖਣ ਤੇ ਪਰਿਵਾਰ ਨੂੰ ਮਿਲਣ ਲਈ ਇੱਥੇ ਪੁੱਜੇ ਸਨ।

ਜ਼ਿਕਰਯੋਗ ਹੈ ਕਿ ਇਸ ਸ਼ਾਹੀ ਮਹਿਲ ਸਬੰਧੀ ਅਦਾਲਤਾਂ ਵਿੱਚ ਕਈ ਮੁਕੱਦਮੇ ਚੱਲ ਰਹੇ ਹਨ, ਜਿਨ੍ਹਾਂ ’ਚੋ ਇੱਕ ਵਧੇਰੇ ਚਰਚਾ ਵਿੱਚ ਹੈ। ਭਾਜਪਾ ਅਤੇ ਆਰਐੱਸਐੱਸ ਦੇ ਆਗੂ ਓਮ ਜਿੰਦਲ ਅਤੇ ਉਸ ਦੇ ਪਰਿਵਾਰ ਨੇ ਖੰਡਰ ਹੋ ਰਿਹਾ ਇਹ ਮਹਿਲ ਕਥਿਤ ਤੌਰ ’ਤੇ ਖਰੀਦ ਲਿਆ ਸੀ ਪਰ ਪ੍ਰੀਤੀ ਸਿੰਘ ਨੇ ਉਸ ਖਰੀਦ ਵਿੱਚ ਕੋਈ ਮਨਜ਼ੂਰੀ ਨਾ ਦੇਣ ਅਤੇ ਧੋਖਾਧੜੀ ਦਾ ਦੋਸ਼ ਲਾਉਂਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। 2021 ਵਿੱਚ ਓਮ ਜਿੰਦਲ ਦੀ ਮੌਤ ਮਗਰੋਂ ਮਹਾਰਾਜਾ ਰਿਪੁਦਮਨ ਦੀ ਤੀਜੀ ਪੀੜ੍ਹੀ ਦੇ ਵਾਰਿਸ ਪ੍ਰੀਤੀ ਸਿੰਘ ਅਤੇ ਉਨ੍ਹਾਂ ਦੇ ਬੱਚਿਆਂ ਨੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਮਹਿਲ ਦੀ ਸਾਂਭ-ਸੰਭਾਲ ਕਰਨੀ ਸ਼ੁਰੂ ਕੀਤੀ। ਅਦਾਲਤ ਵਿੱਚ ਇਹ ਮਾਮਲੇ ਅਜੇ ਪੈਂਡਿੰਗ ਹਨ। ਸ਼ਹਿਰ ਵਿੱਚ ਸਮਾਜਿਕ ਤੌਰ ’ਤੇ ਸਰਗਰਮ ਪ੍ਰੀਤੀ ਸਿੰਘ ਨੇ ਦੱਸਿਆ ਕਿ ਉਹ ਨਾਭਾ ਦੀ ਵਿਰਾਸਤ ਦੇ ਪ੍ਰਤੀਕ ਇਸ ਮਹਿਲ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹਨ।