ਮਿਉਂਸਿਪਲ ਮੁਲਾਜ਼ਮਾਂ ਵੱਲੋਂ ਡਾ. ਰਵਜੋਤ ਦੇ ਦਫ਼ਤਰ ਦਾ ਘਿਰਾਓ
ਹੁਸ਼ਿਆਰਪੁਰ-ਪੰਜਾਬ ਦੀਆਂ ਸਾਰੀਆਂ ਮਿਉਂਸਿਪਲ ਕਮੇਟੀਆਂ ਅਤੇ ਨਗਰ ਨਿਗਮਾਂ ਦੇ ਮੁਲਾਜ਼ਮ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਇੱਥੋਂ ਦੇ ਰੋਸ਼ਨ ਗਰਾਊਂਡ ਵਿੱਚ ਇਕੱਠੇ ਹੋਏ, ਜਿਸ ਮਗਰੋਂ ਉਨ੍ਹਾਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਉਨ੍ਹਾਂ ਏਡੀਸੀ ਨਿਕਾਸ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਏਡੀਸੀ ਨੇ ਉਨ੍ਹਾਂ ਨੂੰ ਸਰਕਾਰ ਨਾਲ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਜੇ ਇਹ ਮੀਟਿੰਗ 48 ਘੰਟਿਆਂ ਵਿੱਚ ਨਾ ਕਰਵਾਈ ਗਈ ਤਾਂ ਪੰਜਾਬ ਦੇ ਮੁਲਾਜ਼ਮ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨਗੇ। ਮੁਲਾਜ਼ਮਾਂ ਨੇ ਠੇਕਾ ਪ੍ਰਣਾਲੀ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਡੀਸੀ ਰੇਟ ’ਤੇ ਕਰਨ, ਡੀਸੀ ਰੇਟ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਬਾਕੀ ਰਹਿੰਦਾ ਡੀਏ ਆਦਿ ਦਾ ਬਕਾਇਆ ਅਦਾ ਕਰਨ ਦੀ ਮੰਗ ਕੀਤੀ। ਇਸ ਮੌਕੇ ਕੁਲਵੰਤ ਸੈਣੀ, ਰਮੇਸ਼ ਸਾਂਗਵਾਨ, ਗੋਪਾਲ ਥਾਪਰ, ਰਮੇਸ਼ ਕੁਮਾਰ, ਕਰਨਜੋਤ, ਸੋਮਨਾਥ, ਫ਼ਤਹਿ ਚੰਦ, ਕੁਲਦੀਪ ਤੇ ਪ੍ਰੇਮ ਕੁਮਾਰ ਹਾਜ਼ਰ ਸਨ।
